Major accident at a government school in Bihar; staircase collapses, 1 student dead, 3 injured
ਬਿਹਾਰ ਦੇ ਸਰਕਾਰੀ ਸਕੂਲ ‘ਚ ਵੱਡਾ ਹਾਦਸਾ; ਢਹਿ-ਢੇਰੀ ਹੋਈ ਪੌੜੀ, 1 ਵਿਦਿਆਰਥੀ ਦੀ ਮੌਤ, 3 ਜ਼ਖਮੀ
ਖਗੜੀਆ (ਆਵਾਜ਼ਿ ਕੌਮ ਬਿਊਰੋ)- ਬਿਹਾਰ ਦੇ ਖਗੜੀਆ ਜ਼ਿਲ੍ਹੇ ਦੇ ਮਾਨਸੀ ਥਾਣਾ ਖੇਤਰ ਅਧੀਨ ਆਉਂਦੇ ਅਮਾਨੀ ਪਿੰਡ ਦੇ ਇੱਕ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਉਸ ਸਮੇਂ ਹਫ਼ੜਾ-ਦਫ਼ੜੀ ਮਚ ਗਈ, ਜਦੋਂ ਸਕੂਲ ਦੀ ਪੌੜੀ ਅਚਾਨਕ ਢਹਿ-ਢੇਰੀ ਹੋ ਗਈ। ਬੁੱਧਵਾਰ ਸਵੇਰੇ ਸਕੂਲ ਵਿਚ ਵਾਪਰੀ ਇਸ ਦੀ ਘਟਨਾ ਨਾਲ ਪਹਿਲੀ ਜਮਾਤ ਦੇ ਇੱਕ ਵਿਦਿਆਰਥੀ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਬੱਚੇ ਜ਼ਖਮੀ ਹੋ ਗਏ। ਇਸ ਹਾਦਸੇ ਦੀ ਸੂਚਨਾ ਅਧਿਕਾਰੀਆਂ ਵਲੋਂ ਦਿੱਤੀ ਗਈ। ਮ੍ਰਿਤਕਾ ਦੀ ਪਛਾਣ ਰਿਤਿਕਾ ਕੁਮਾਰੀ (9) ਵਜੋਂ ਹੋਈ ਹੈ, ਜੋ ਕਿ ਮਨੋਜ ਯਾਦਵ ਦੀ ਧੀ ਹੈ। ਮਿਲੀ ਜਾਣਕਾਰੀ ਮੁਤਾਬਕ ਅਮਨੀ ਪਿੰਡ ਦੇ ਪਾਸਵਾਨ ਟੋਲਾ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਅਚਾਨਕ ਪੌੜੀ ਡਿੱਗ ਗਈ। ਇਸ ਘਟਨਾ ਨਾਲ ਕੁਝ ਬੱਚੇ ਪੌੜੀਆਂ ਦੇ ਮਲਬੇ ਹੇਠ ਦੱਬ ਗਏ, ਜਿਸ ਕਾਰਨ ਸਕੂਲ ਦੇ ਅਹਾਤੇ ਵਿੱਚ ਦਹਿਸ਼ਤ ਫੈਲ ਗਈ। ਹਾਦਸੇ ਦੀ ਸੂਚਨਾ ਮਿਲਦੇ ਹੀ ਸਥਾਨਕ ਲੋਕ ਮੌਕੇ ‘ਤੇ ਪਹੁੰਚ ਗਏ, ਜਿਨ੍ਹਾਂ ਨੇ ਮਲਬੇ ਹੇਠ ਦੱਬੇ ਬੱਚਿਆਂ ਨੂੰ ਬਾਹਰ ਕੱਢਿਆ। ਹਾਦਸੇ ਵਿੱਚ ਜ਼ਖਮੀ ਹੋਏ ਤਿੰਨ ਬੱਚਿਆਂ ਨੂੰ ਇਲਾਜ ਲਈ ਸਦਰ ਹਸਪਤਾਲ ਭੇਜਿਆ ਗਿਆ ਹੈ। ਖਗੜੀਆ ਦੇ ਜ਼ਿਲ੍ਹਾ ਮੈਜਿਸਟ੍ਰੇਟ ਵਿਕਰਮ ਵਿਰਕਰ ਨੇ ਘਟਨਾ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੂੰ ਇਸ ਘਟਨਾ ਦੀ ਜਾਂਚ ਕਰਨ ਅਤੇ 24 ਘੰਟਿਆਂ ਦੇ ਅੰਦਰ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਜ਼ਖਮੀ ਵਿਦਿਆਰਥੀਆਂ ਦਾ ਇਲਾਜ ਚੱਲ ਰਿਹਾ ਹੈ। ਹਾਦਸੇ ਤੋਂ ਬਾਅਦ ਸਕੂਲ ਕੈਂਪਸ ਵਿੱਚ ਕਾਫ਼ੀ ਸਮੇਂ ਤੱਕ ਹਫੜਾ-ਦਫੜੀ ਦਾ ਮਾਹੌਲ ਰਿਹਾ। ਅਧਿਕਾਰੀਆਂ ਨੇ ਘਟਨਾ ਦੇ ਕਾਰਨਾਂ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ।

