Another accused arrested in the murder case of Haryanvi singer Ankit Balyan
ਹਰਿਆਣਵੀ ਗਾਇਕ ਅੰਕਿਤ ਬਾਲਿਆਨ ਦੇ ਕਤਲ ਮਾਮਲੇ ‘ਚ ਇਕ ਹੋਰ ਦੋਸ਼ੀ ਗ੍ਰਿਫ਼ਤਾਰ
ਮੁਜ਼ੱਫਰਨਗਰ (ਆਵਾਜ਼ਿ ਕੌਮ ਬਿਊਰੋ)-ਉੱਤਰ ਪ੍ਰਦੇਸ਼ ਦੇ ਸ਼ਾਮਲੀ ਜ਼ਿਲ੍ਹੇ ‘ਚ ਹਰਿਆਣਵੀ ਗਾਇਕ ਅੰਕਿਤ ਬਾਲਿਆਨ ਦੇ ਕਤਲ ਦੇ ਮਾਮਲੇ ‘ਚ ਪੁਲਸ ਨੇ ਇਕ ਹੋਰ ਸਾਜਿਸ਼ਕਰਤਾ ਨੂੰ ਗ੍ਰਿਫ਼ਤਾਰ ਕੀਤਾ ਹੈ। ਸ਼ਾਮਲੀ ਦੇ ਪੁਲਸ ਸੁਪਰਡੈਂਟ ਐੱਨ.ਪੀ. ਸਿੰਘ ਨੇ ਇੱਥੇ ਪੱਤਰਕਾਰਾਂ ਨੂੰ ਦੱਸਿਆ ਕਿ ਹਰਿਆਣਾ ਦੇ ਸੋਨੀਪਤ ਵਾਸੀ ਰੋਹਿਤ ਉਰਫ਼ ਲਾਡਲਾ ਨੂੰ ਬੁੱਧਵਾਰ ਸ਼ਾਮ ਸਿਟੀ ਥਾਣਾ ਖੇਤਰ ‘ਚ ਤਲਾਸ਼ੀ ਦੌਰਾਨ ਗ੍ਰਿਫ਼ਤਾਰ ਕੀਤਾ ਗਿਆ। ਐੱਸਪੀ ਨੇ ਕਿਹਾ ਕਿ ਰੋਹਿਤ ਕਥਿਤ ਤੌਰ ‘ਤੇ ਸਾਜ਼ਿਸ਼ ‘ਚ ਸ਼ਾਮਲ ਸੀ ਅਤੇ ਸ਼ਾਮਲੀ ‘ਚ ਪੁਲਸ ਨਾਲ ਮੁਕਾਬਲੇ ‘ਚ ਮਾਰੇ ਗਏ ਦੋਸ਼ੀ ਮੋਹਿਤ ਦਾ ਦੋਸਤ ਸੀ। ਬਾਲਿਆਨ ਦਾ 26 ਅਗਸਤ 2026 ਨੂੰ ਸ਼ਾਮਲੀ ‘ਚ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਪੁਲਸ ਨੇ ਦੱਸਿਆ ਕਿ ਜਾਂਚ ਦੌਰਾਨ ਦੋ ਕਥਿਤ ਸ਼ੂਟਰ ਸੁਮਿਤ ਅਤੇ ਮੋਹਿਤ 31 ਅਗਸਤ ਨੂੰ ਸ਼ਾਮਲੀ ਜ਼ਿਲ੍ਹੇ ‘ਚ ਪੁਲਸ ਨਾਲ ਵੱਖ-ਵੱਖ ਮੁਕਾਬਲਿਆਂ ‘ਚ ਮਾਰੇ ਗਏ ਸਨ। ਪੁਲਸ ਹੁਣ ਕਤਲ ਕੇਸ ਦੇ ਤਿੰਨ ਹੋਰ ਮੁਲਜ਼ਮਾਂ: ਸਤਯਮ ਕਾਦੀਆਂ, ਆਰੀਅਨ ਸੰਧੂ ਅਤੇ ਰਾਹੁਲ ਉਰਫ਼ ਭੋਲੂ ਦੀ ਭਾਲ ਕਰ ਰਹੀ ਹੈ। ਇਹ ਤਿੰਨੋਂ ਹਰਿਆਣਾ ਦੇ ਵਸਨੀਕ ਹਨ। ਅਧਿਕਾਰੀਆਂ ਨੇ ਦੱਸਿਆ ਕਿ ਪੁਲਸ ਨੇ ਤਿੰਨਾਂ ਫਰਾਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਜਾਣਕਾਰੀ ਦੇਣ ਵਾਲੇ ਹਰੇਕ ਲਈ 1-1 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੈ ਅਤੇ ਉਨ੍ਹਾਂ ਵਿਰੁੱਧ ਕੁਰਕੀ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

