If a name is deleted from the electoral roll, re-adding it is now easy… Election Commission makes a major change to Form-6
SIR ’ਚ ਨਾਂ ਕੱਟਿਆ ਤਾਂ ਦੁਬਾਰਾ ਜੋੜਨਾ ਸੌਖਾ.., ਚੋਣ ਕਮਿਸ਼ਨ ਨੇ ਫਾਰਮ-6 ’ਚ ਕੀਤੀ ਵੱਡੀ ਤਬਦੀਲੀ
ਨਵੀਂ ਦਿੱਲੀ (ਆਵਾਜ਼ਿ ਕੌਮ ਬਿਊਰੋ)-ਚੋਣ ਕਮਿਸ਼ਨ ਨੇ ਐੱਸ. ਆਈ. ਆਰ. ਦੀ ਪ੍ਰਕਿਰਿਆ ਮੁਕੰਮਲ ਕਰ ਚੁੱਕੇ ਸੂਬਿਆਂ ’ਚ ਫਾਰਮ-6 ’ਚ ਵੱਡੀ ਤਬਦੀਲੀ ਕੀਤੀ ਹੈ। ਹੁਣ ਐੱਸ. ਆਈ. ਆਰ. ’ਚ ਨਾਂ ਕੱਟਣ ਤੋਂ ਬਾਅਦ ਦੁਬਾਰਾ ਨਾਂ ਜੋੜਨ ਲਈ 2003 ਦੀ ਵੋਟਰ ਲਿਸਟ ਦੀ ਜਾਣਕਾਰੀ ਨਹੀਂ ਦੇਣੀ ਹੋਵੇਗੀ। ਬਿਨੈਕਾਰ ਨੂੰ ਇਹ ਦੱਸਣ ਦੀ ਲੋੜ ਨਹੀਂ ਹੋਵੇਗੀ ਕਿ ਉਸ ਦਾ, ਮਾਤਾ-ਪਿਤਾ ਜਾਂ ਦਾਦਾ-ਦਾਦੀ ਦਾ ਨਾਂ ਉਸ ਲਿਸਟ ’ਚ ਸੀ ਜਾਂ ਨਹੀਂ। ਫਾਰਮ-6 ਤੋਂ ਇਸ ਨਾਲ ਜੁੜਿਆ ਵਾਧੂ ਘੋਸ਼ਣਾ-ਪੱਤਰ ਹਟਾ ਦਿੱਤਾ ਗਿਆ ਹੈ। ਹਾਲਾਂਕਿ ਇਸ ਦਾ ਮਤਲਬ ਇਹ ਨਹੀਂ ਹੈ ਕਿ ਨਾਂ ਬਿਨਾਂ ਜਾਂਚ ਦੇ ਹੀ ਜੁੜ ਜਾਵੇਗਾ। ਵੋਟਰ ਬਣਨ ਦੀ ਪਾਤਰਤਾ ਦੀ ਜਾਂਚ ਪਹਿਲਾਂ ਵਾਂਗ ਹੋਵੇਗੀ। ਫਾਰਮ-6 ਦੀ ਜਨਰਲ ਪ੍ਰਕਿਰਿਆ ਵੀ ਜਾਰੀ ਰਹੇਗੀ। ਇਹ ਤਬਦੀਲੀ ਫਿਲਹਾਲ ਸਿਰਫ ਉਨ੍ਹਾਂ ਸੂਬਿਆਂ ’ਚ ਲਾਗੂ ਹੈ, ਜਿੱਥੇ ਐੱਸ. ਆਈ. ਆਰ. ਪ੍ਰਕਿਰਿਆ ਮੁਕੰਮਲ ਹੋ ਚੁੱਕੀ ਹੈ। ਇਹ ਕਦਮ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਅਤੇ ਚੋਣ ਕਮਿਸ਼ਨਰ ਸੁਖਬੀਰ ਸਿੰਘ ਸੰਧੂ ਅਤੇ ਵਿਵੇਕ ਜੋਸ਼ੀ ਦੀ ਮੈਂਬਰਸ਼ਿਪ ਵਾਲੇ ਕਮਿਸ਼ਨ ਦੀ 26 ਸਤੰਬਰ ਦੀ ਬੈਠਕ ਤੋਂ ਬਾਅਦ ਚੁੱਕਿਆ ਗਿਆ ਹੈ। ਬੈਠਕ ਤੋਂ ਬਾਅਦ ਚੋਣ ਕਮਿਸ਼ਨ ਨੇ ਕਿਹਾ ਸੀ ਕਿ ਫਾਰਮ-6 ਨਾਲ ਜੋੜੀ ਗਈ ਘੋਸ਼ਣਾ ਐੱਸ. ਆਈ. ਆਰ. ਲਈ ਸੀ ਅਤੇ ‘ਗੈਰ-ਐੱਸ. ਆਈ. ਆਰ. ਸਮਾਂ-ਹੱਦ ’ਚ ਨਿਯਮਾਂ (ਚੋਣ ਰਜਿਸਟ੍ਰੇਸ਼ਨ ਨਿਯਮ, 1960) ਦੇ ਅਨੁਸਾਰ ਲਾਗੂ ਫਾਰਮ ਦੀ ਵਰਤੋਂ ਕੀਤੀ ਜਾਵੇਗੀ।’ ਫਾਰਮ-6 ’ਚ ਤਬਦੀਲੀ ਨਾਲ ਜੁੜਿਆ ਮੁੱਦਾ ਉਸ ਸਮੇਂ ਵਿਵਾਦ ਦਾ ਵਿਸ਼ਾ ਬਣ ਗਿਆ ਸੀ ਜਦੋਂ ਇਹ ਸਾਹਮਣੇ ਆਇਆ ਕਿ ਸੰਧੂ ਅਤੇ ਜੋਸ਼ੀ ਨੇ ਇਸ ’ਚ ਕੀਤੀਆਂ ਗਈਆਂ ਤਬਦੀਲੀਆਂ ’ਤੇ ਇਤਰਾਜ਼ ਪ੍ਰਗਟਾਇਆ ਸੀ।

