Money laundering trial to proceed against 7, including Yasin Malik; Delhi court frames charges
ਯਾਸੀਨ ਮਲਿਕ ਸਮੇਤ 7 ਖ਼ਿਲਾਫ਼ ਚੱਲੇਗਾ ਮਨੀ ਲਾਂਡਰਿੰਗ ਦਾ ਮੁਕੱਦਮਾ, ਦਿੱਲੀ ਦੀ ਕੋਰਟ ਨੇ ਤੈਅ ਕੀਤੇ ਦੋਸ਼
ਨਵੀਂ ਦਿੱਲੀ (ਆਵਾਜ਼ਿ ਕੌਮ ਬਿਊਰੋ)-ਪਾਬੰਦੀਸ਼ੁਦਾ ਸੰਗਠਨ ਜੰਮੂ-ਕਸ਼ਮੀਰ ਲਿਬਰੇਸ਼ਨ ਫਰੰਟ (ਜੇ.ਕੇ.ਐੱਲ.ਐੱਫ.) ਦੇ ਜੇਲ੍ਹ ’ਚ ਬੰਦ ਮੁਖੀ ਯਾਸੀਨ ਮਲਿਕ ਅਤੇ 6 ਹੋਰਾਂ ਦੇ ਖ਼ਿਲਾਫ਼ ਮਨੀ ਲਾਂਡਰਿੰਗ ਦੇ ਦੋਸ਼ ਤੈਅ ਕਰ ਦਿੱਤੇ ਗਏ ਹਨ। ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਅਨੁਸਾਰ, ਇਹ ਮਾਮਲਾ ਹਵਾਲਾ ਰਾਹੀਂ ਪਾਕਿਸਤਾਨ ਤੋਂ ਫੰਡ ਪ੍ਰਾਪਤ ਕਰਨ ਨਾਲ ਸਬੰਧਤ ਹੈ। ਦਿੱਲੀ ਦੀ ਇਕ ਅਦਾਲਤ ਦੇ ਵਿਸ਼ੇਸ਼ ਜੱਜ ਪ੍ਰਸ਼ਾਂਤ ਸ਼ਰਮਾ ਨੇ ਮਲਿਕ ਅਤੇ ਹੋਰ ਲੋਕਾਂ ਖ਼ਿਲਾਫ਼ ਮਨੀ ਲਾਂਡਰਿੰਗ ਰੋਕਥਾਮ ਐਕਟ (ਪੀ. ਐੱਮ. ਐੱਲ. ਏ.) ਦੀਆਂ ਧਾਰਾਵਾਂ 3 (ਮਨੀ ਲਾਂਡਰਿੰਗ ਦਾ ਅਪਰਾਧ) ਅਤੇ 4 (ਮਨੀ ਲਾਂਡਰਿੰਗ ਲਈ ਸਜ਼ਾ) ਤਹਿਤ ਦੋਸ਼ ਤੈਅ ਕਰਨ ਦਾ ਹੁਕਮ ਦਿੱਤਾ ਸੀ। ਉਨ੍ਹਾਂ ਕਿਹਾ ਕਿ ਸੱਤਾਂ ਮੁਲਜ਼ਮਾਂ ਖ਼ਿਲਾਫ਼ ‘ਪਹਿਲੀ ਨਜ਼ਰੇ ਮਜ਼ਬੂਤ ਸ਼ੱਕ’ ਹੈ। ਹੋਰ ਮੁਲਜ਼ਮਾਂ ’ਚ ਜ਼ਹੂਰ ਅਹਿਮਦ ਸ਼ਾਹ ਵਟਾਲੀ, ਅਬਦੁਲ ਰਸ਼ੀਦ ਸ਼ੇਖ, ਸ਼ੱਬੀਰ ਅਹਿਮਦ ਸ਼ਾਹ, ਨਵਲ ਕਿਸ਼ੋਰ ਕਪੂਰ, ਮਸਰਤ ਆਲਮ ਭੱਟ ਅਤੇ ਟ੍ਰਿਸਨ ਫ੍ਰੇਮਸ ਐਂਡ ਕੰਸਟ੍ਰਕਸ਼ਨ ਪ੍ਰਾਈਵੇਟ ਲਿਮਟਿਡ ਸ਼ਾਮਲ ਹਨ। ਏਜੰਸੀ ਦਾ ਦੋਸ਼ ਹੈ ਕਿ ਦੋਸ਼ੀਆਂ ਨੇ ਆਪਣੇ ਵੱਖਵਾਦੀ ਏਜੰਡੇ ਨੂੰ ਅੱਗੇ ਵਧਾਉਣ ਅਤੇ ਭੰਨਤੋੜ ਦੀਆਂ ਸਰਗਰਮੀਆਂ ’ਚ ਸ਼ਾਮਲ ਹੋਣ ਲਈ ਪਾਕਿਸਤਾਨੀ ਅਦਾਰਿਆਂ ਤੋਂ ਫੰਡ ਪ੍ਰਾਪਤ ਕੀਤਾ।

