Situation turns grim in Amritsar; two buses catch fire
ਅੰਮ੍ਰਿਤਸਰ ‘ਚ ਭਿਆਨਕ ਬਣੇ ਹਾਲਾਤ, 2 ਬੱਸਾਂ ਨੂੰ ਲੱਗ ਗਈ ਅੱਗ
ਅੰਮ੍ਰਿਤਸਰ (ਆਵਾਜ਼ਿ ਕੌਮ ਬਿਊਰੋ)- ਅੰਮ੍ਰਿਤਸਰ ‘ਚ ਸ਼ਕਤੀ ਬੱਸ ਸਰਵਿਸ ਦੀਆਂ ਦੋ ਬੱਸਾਂ ਨੂੰ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਰੂਟ ਤੋਂ ਵਾਪਸ ਆਉਣ ਤੋਂ ਬਾਅਦ ਬੱਸਾਂ ਰਾਤ ਸਮੇਂ ਖੜ੍ਹੀਆਂ ਕੀਤੀਆਂ ਗਈਆਂ ਸਨ। ਰਾਤ ਕਰੀਬ 11:40 ਵਜੇ ਬੱਸਾਂ ਨੂੰ ਅੱਗ ਲੱਗਣ ਦੀ ਸੂਚਨਾ ਕੰਪਨੀ ਦੇ ਕੈਸ਼ੀਅਰ ਬਲਤੇਜ ਸਿੰਘ ਨੇ ਪ੍ਰਬੰਧਕ ਨੂੰ ਫੋਨ ‘ਤੇ ਦਿੱਤੀ। ਸੂਚਨਾ ਮਿਲਦੇ ਹੀ ਪ੍ਰਬੰਧਕ ਅਤੇ ਸਟਾਫ ਮੌਕੇ ‘ਤੇ ਪਹੁੰਚਿਆ ਤੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ। ਮੌਕੇ ‘ਤੇ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਵੀ ਪਹੁੰਚੀਆਂ, ਜਿਨ੍ਹਾਂ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ। ਬੱਸ ਸਰਵਿਸ ਦੇ ਬੁਲਾਰੇ ਮੁਤਾਬਕ ਸੀਸੀਟੀਵੀ ‘ਚ ਸਾਹਮਣੇ ਆਇਆ ਹੈ ਕਿ ਪਹਿਲਾਂ ਇੱਕ ਬੱਸ ‘ਚ ਸ਼ਾਰਟ ਸਰਕਟ ਕਾਰਨ ਅੱਗ ਲੱਗੀ, ਜੋ ਸੀਟਾਂ ਤੇ ਫਾਈਬਰ ਦੇ ਹਿੱਸਿਆਂ ਕਾਰਨ ਤੇਜ਼ੀ ਨਾਲ ਫੈਲ ਗਈ। ਅੱਗ ਲੱਗਣ ਤੋਂ ਬਾਅਦ ਬੱਸ ਆਪਣੇ ਆਪ ਅੱਗੇ ਵਧ ਗਈ ਤੇ ਅੱਗੇ ਖੜ੍ਹੀ ਦੂਜੀ ਬੱਸ ਨਾਲ ਜਾ ਟਕਰਾਈ, ਜਿਸ ਕਾਰਨ ਦੂਜੀ ਬੱਸ ਵੀ ਅੱਗ ਦੀ ਲਪੇਟ ‘ਚ ਆ ਗਈ। ਬੁਲਾਰੇ ਨੇ ਦੱਸਿਆ ਕਿ ਦੋਵੇਂ ਬੱਸਾਂ ਨੂੰ ਭਾਰੀ ਨੁਕਸਾਨ ਹੋਇਆ ਹੈ, ਹਾਲਾਂਕਿ ਫਿਲਹਾਲ ਨੁਕਸਾਨ ਦਾ ਸਹੀ ਅੰਦਾਜ਼ਾ ਨਹੀਂ ਲਾਇਆ ਜਾ ਸਕਿਆ। ਉਨ੍ਹਾਂ ਕਿਹਾ ਪੂਰੀ ਘਟਨਾ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋਈ ਹੈ ਅਤੇ ਜਾਂਚ ਤੋਂ ਬਾਅਦ ਹੀ ਘਟਨਾ ਦੀ ਸਹੀ ਤਸਵੀਰ ਸਾਹਮਣੇ ਆ ਸਕੇਗੀ। ਨੁਕਸਾਨ ਬਾਰੇ ਪੁੱਛੇ ਜਾਣ ‘ਤੇ ਬੱਸ ਸਰਵਿਸ ਦੇ ਬੁਲਾਰੇ ਨੇ ਕਿਹਾ ਕਿ ਫਿਲਹਾਲ ਕੁੱਲ ਨੁਕਸਾਨ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ। ਉਨ੍ਹਾਂ ਕਿਹਾ ਕਿ ਪਿਛਲੇ 30 ਸਾਲਾਂ ਤੋਂ ਇੱਥੇ ਬੱਸਾਂ ਖੜ੍ਹੀਆਂ ਕੀਤੀਆਂ ਜਾ ਰਹੀਆਂ ਹਨ, ਪਰ ਅਜਿਹੀ ਘਟਨਾ ਪਹਿਲੀ ਵਾਰ ਵਾਪਰੀ ਹੈ। ਸਥਾਨਕ ਲੋਕਾਂ ਦੇ ਸਹਿਯੋਗ ਨਾਲ ਨੇੜੇ ਖੜ੍ਹੀਆਂ ਦੋ ਹੋਰ ਬੱਸਾਂ ਨੂੰ ਬਚਾ ਲਿਆ ਗਿਆ। ਉਨ੍ਹਾਂ ਕਿਹਾ ਕਿ ਬੱਸ ਸਰਵਿਸ ਸਿਰਫ਼ ਇਕ ਕਾਰੋਬਾਰ ਨਹੀਂ, ਸਗੋਂ ਇਸ ਨਾਲ ਕਈ ਮੁਲਾਜ਼ਮਾਂ ਦਾ ਰੁਜ਼ਗਾਰ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਰੋਜ਼ੀ-ਰੋਟੀ ਜੁੜੀ ਹੋਈ ਹੈ। ਦੋ ਬੱਸਾਂ ਦੇ ਨੁਕਸਾਨ ਕਾਰਨ ਕੰਪਨੀ ਦੇ ਨਾਲ-ਨਾਲ ਉਨ੍ਹਾਂ ਮੁਲਾਜ਼ਮਾਂ ‘ਤੇ ਵੀ ਅਸਰ ਪੈਣ ਦੀ ਚਿੰਤਾ ਹੈ। ਬੁਲਾਰੇ ਨੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਅਤੇ ਸਥਾਨਕ ਲੋਕਾਂ ਦਾ ਸਹਿਯੋਗ ਲਈ ਧੰਨਵਾਦ ਕੀਤਾ।

