Woman gives birth to two sons and two daughters simultaneously; wave of joy at Bareilly hospital
ਔਰਤ ਨੇ ਇਕੋ ਵੇਲੇ 2 ਪੁੱਤਰਾਂ ਤੇ 2 ਧੀਆਂ ਨੂੰ ਦਿੱਤਾ ਜਨਮ, ਬਰੇਲੀ ਹਸਪਤਾਲ ‘ਚ ਖੁਸ਼ੀ ਦੀ ਲਹਿਰ
ਬਰੇਲੀ (ਆਵਾਜ਼ਿ ਕੌਮ ਬਿਊਰੋ)-ਉੱਤਰ ਪ੍ਰਦੇਸ਼ ਦੇ ਬਰੇਲੀ ਜ਼ਿਲ੍ਹੇ ਦੇ ਸੀ. ਬੀ. ਗੰਜ ਖੇਤਰ ਵਿਚ ਇਕ ਔਰਤ ਨੇ ਇਕੋ ਵੇਲੇ 4 ਬੱਚਿਆਂ ਨੂੰ ਜਨਮ ਦਿੱਤਾ। ਨਵਜੰਮੇ ਬੱਚਿਆਂ ਵਿਚ 2 ਪੁੱਤਰ ਅਤੇ 2 ਧੀਆਂ ਹਨ। ਡਾਕਟਰਾਂ ਅਨੁਸਾਰ ਮਾਂ ਅਤੇ ਚਾਰੇ ਨਵਜੰਮੇ ਬੱਚਿਆਂ ਦੀ ਹਾਲਤ ਫਿਲਹਾਲ ਠੀਕ ਹੈ ਅਤੇ ਉਨ੍ਹਾਂ ਨੂੰ ਡਾਕਟਰਾਂ ਦੀ ਨਿਗਰਾਨੀ ਹੇਠ ਰੱਖਿਆ ਗਿਆ ਹੈ। ਸਨਈਆ ਰਾਣੀ ਪਿੰਡ ਦੀ ਰਹਿਣ ਵਾਲੀ ਸ਼ਬਨਮ ਨੂੰ ਸੋਮਵਾਰ ਤੜਕੇ ਲੱਗਭਗ 4 ਵਜੇ ਜਣੇਪੇ ਦੀ ਪੀੜ ਹੋਈ। ਪਰਿਵਾਰ ਵਾਲੇ ਉਸ ਨੂੰ ਮਿਨੀ ਬਾਈਪਾਸ ਸਥਿਤ ਨਿੱਜੀ ਹਸਪਤਾਲ ਲੈ ਗਏ, ਜਿੱਥੇ ਜਾਂਚ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ ਦਾਖ਼ਲ ਕਰ ਲਿਆ। ਡਾਕਟਰਾਂ ਦੀ ਦੇਖ-ਰੇਖ ਹੇਠ ਔਰਤ ਦਾ ਜਣੇਪਾ ਕਰਵਾਇਆ ਗਿਆ, ਜਿਸ ਵਿਚ ਔਰਤ ਨੇ 4 ਬੱਚਿਆਂ ਨੂੰ ਜਨਮ ਦਿੱਤਾ। ਚਾਰਾਂ ਦੇ ਸਿਹਤਮੰਦ ਹੋਣ ਦੀ ਜਾਣਕਾਰੀ ਮਿਲਣ ’ਤੇ ਪਰਿਵਾਰ ਵਿਚ ਖ਼ੁਸ਼ੀ ਦਾ ਮਾਹੌਲ ਹੈ। ਇਸ ਦੌਰਾਨ ਪਰਿਵਾਰ ਵਾਲਿਆਂ ਨੇ ਸਾਰੀਆਂ ਨੂੰ ਖੁਸ਼ੀ ਵਿਚ ਮਠਿਆਈ ਵੰਡੀ। ਇਸਤਰੀ ਅਤੇ ਜਣੇਪਾ ਰੋਗ ਮਾਹਰਾਂ ਅਨੁਸਾਰ ਇੱਕ ਵੇਲੇ 4 ਬੱਚਿਆਂ ਦਾ ਜਨਮ ਆਮ ਜਣੇਪੇ ਦੀ ਤੁਲਨਾ ਵਿਚ ਕਾਫ਼ੀ ਦੁਰਲੱਭ ਹੁੰਦਾ ਹੈ। ਅਜਿਹੇ ਮਾਮਲਿਆਂ ਵਿਚ ਮਾਂ ਅਤੇ ਨਵਜੰਮੇ ਬੱਚਿਆਂ ਨੂੰ ਵਿਸ਼ੇਸ਼ ਨਿਗਰਾਨੀ ਦੀ ਲੋੜ ਹੁੰਦੀ ਹੈ। ਫਿਲਹਾਲ ਔਰਤ ਅਤੇ ਚਾਰੇ ਬੱਚਿਆਂ ਨੂੰ ਡਾਕਟਰੀ ਨਿਗਰਾਨੀ ਹੇਠ ਰੱਖਿਆ ਗਿਆ ਹੈ।

