After imposing sanctions on the entire world—including India—the US will now buy oil from Russia itself! This has sparked widespread discussion
ਭਾਰਤ ਸਣੇ ਪੂਰੀ ਦੁਨੀਆ ‘ਤੇ ਪਾਬੰਦੀਆਂ ਲਾ ਕੇ ਹੁਣ ਖ਼ੁਦ ਰੂਸ ਤੋਂ ਤੇਲ ਖਰੀਦੇਗਾ ਅਮਰੀਕਾ ! ਹਰ ਪਾਸੇ ਛਿੜੀ ਚਰਚਾ
Mascow, (ਆਵਾਜ਼ਿ ਕੌਮ ਬਿਊਰੋ)-ਰੂਸ-ਯੂਕ੍ਰੇਨ ਵਿਚਾਲੇ ਛਿੜੀ ਜੰਗ ਕਾਰਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਰੂਸ ਤੋਂ ਤੇਲ ਖਰੀਦਣ ਵਾਲੇ ਦੇਸ਼ਾਂ ‘ਤੇ ਪਾਬੰਦੀਆਂ ਲਗਾਈਆਂ ਗਈਆਂ ਹਨ। ਇਸੇ ਦੌਰਾਨ ਟਰੰਪ ਨੇ ਖ਼ੁਦ ਰੂਸ ਤੋਂ ਲੱਖਾਂ ਟਨ ਡੀਜ਼ਲ ਖਰੀਦਣ ਲਈ ਵਲਾਦੀਮੀਰ ਪੁਤਿਨ ਨਾਲ ਸਮਝੌਤਾ ਕੀਤਾ ਹੈ। ਅਮਰੀਕਾ ਤੇ ਰੂਸ ਨਾਲ ਹੋਏ ਇਸ ਸਮਝੌਤੇ ਤੋਂ ਬਾਅਦ ਗਲੋਬਲ ਪੱਧਰ ‘ਤੇ ਅਮਰੀਕਾ ਦੇ Double Standards ਨੂੰ ਲੈ ਕੇ ਵੱਡਾ ਸਿਆਸੀ ਬਵਾਲ ਖੜ੍ਹਾ ਹੋ ਗਿਆ ਹੈ। ਮਾਹਿਰਾਂ ਵੱਲੋਂ ਇਹ ਸਵਾਲ ਉਠਾਇਆ ਜਾ ਰਿਹਾ ਹੈ ਕਿ ਜਦੋਂ ਭਾਰਤ ਵਰਗੇ ਦੇਸ਼ ਆਪਣੀ ਊਰਜਾ ਲੋੜਾਂ ਲਈ ਰੂਸ ਤੋਂ ਤੇਲ ਖਰੀਦਦੇ ਸੀ ਤਾਂ ਅਮਰੀਕਾ ਉਨ੍ਹਾਂ ‘ਤੇ ਪਾਬੰਦੀਆਂ ਅਤੇ ਟੈਰਿਫ ਲਗਾਉਣ ਦੀਆਂ ਧਮਕੀਆਂ ਦਿੰਦਾ ਸੀ, ਪਰ ਹੁਣ ਜਦੋਂ ਅਮਰੀਕਾ ‘ਚ ਡੀਜ਼ਲ ਦੀ ਕਿੱਲਤ ਪੈਦਾ ਹੋ ਰਹੀ ਹੈ ਤਾਂ ਉਹ ਖੁਦ ਰੂਸ ਅੱਗੇ ਹੱਥ ਫੈਲਾ ਰਿਹਾ ਹੈ। ਸ਼ੁੱਕਰਵਾਰ ਨੂੰ ਟਰੰਪ ਵੱਲੋਂ ਰੂਸੀ ਡੀਜ਼ਲ ਦੀ ਆਯਾਤ ਲਈ ‘ਯੂ.ਐੱਸ. ਟ੍ਰੇਜ਼ਰੀ ਡਿਪਾਰਟਮੈਂਟ’ ਵੱਲੋਂ ਪਾਬੰਦੀਆਂ ‘ਚ ਛੋਟ ਦੇਣ ਤੋਂ ਬਾਅਦ ਇਹ ਵਿਵਾਦ ਹੋਰ ਗੰਭੀਰ ਹੋ ਗਿਆ ਹੈ। ਮਸ਼ਹੂਰ ਅਮਰੀਕੀ ਪੱਤਰਕਾਰ ਕੈਥਰੀਨ ਰਾਮਪੈੱਲ ਨੇ ਸੋਸ਼ਲ ਮੀਡੀਆ ‘X’ ‘ਤੇ ਲਿਖਿਆ, “ਕੀ ਇਸ ਦਾ ਮਤਲਬ ਇਹ ਹੈ ਕਿ ਅਸੀਂ ਜਲਦੀ ਹੀ ਆਪਣੇ ਆਪ ‘ਤੇ ਵੀ ਟੈਰਿਫ ਲਗਾਉਣਾ ਸ਼ੁਰੂ ਕਰ ਦੇਵਾਂਗੇ ?” ਰਾਜਨੀਤਿਕ ਮਾਹਿਰ ਸੈਮ ਸਟੇਨ ਨੇ ਧਿਆਨ ਦਿਵਾਇਆ ਕਿ ਹਾਲੇ ਤਿੰਨ ਹਫ਼ਤੇ ਪਹਿਲਾਂ ਹੀ ਟਰੰਪ ਨੇ ਪੁਤਿਨ ‘ਤੇ ਆਰਥਿਕ ਦਬਾਅ ਪਾਉਣ ਲਈ ‘ਲਿੰਡਸੇ ਗ੍ਰਾਹਮ ਰੂਸ ਸੈਂਕਸ਼ਨ ਬਿੱਲ’ ‘ਤੇ ਦਸਤਖਤ ਕੀਤੇ ਸਨ, ਪਰ ਹੁਣ ਉਹ ਖੁਦ ਰੂਸ ਤੋਂ ਡੀਜ਼ਲ ਮੰਗਵਾ ਰਹੇ ਹਨ। ਟਰੰਪ ਦੇ ਇਸ ਫ਼ੈਸਲੇ ‘ਤੇ ਭਾਰਤ ਨੇ ਵੀ ਸਵਾਲ ਚੁੱਕੇ ਹਨ। ਭਾਰਤੀ ਨਾਗਰਿਕਾਂ ਨੇ ਟਰੰਪ ਦੀ ਨੀਤੀ ‘ਤੇ ਸਵਾਲ ਚੁੱਕਦਿਆਂ ਕਿਹਾ, “ਜੇਕਰ ਭਾਰਤ ਦੁਆਰਾ ਰੂਸ ਤੋਂ ਤੇਲ ਖਰੀਦਣਾ ਪੁਤਿਨ ਦੀ ਜੰਗੀ ਮਸ਼ੀਨਰੀ ਨੂੰ ਫੰਡ ਦੇਣਾ ਸੀ, ਤਾਂ ਕੀ ਅਮਰੀਕਾ ਲਈ ਵੀ ਇਹ ਨਿਯਮ ਲਾਗੂ ਨਹੀਂ ਹੁੰਦਾ ? ਜਾਂ ‘ਰੂਸ ਨੂੰ ਫੰਡ ਦੇਣਾ’ ਸਿਰਫ਼ ਤਦ ਹੀ ਮੰਨਿਆ ਜਾਂਦਾ ਹੈ ਜਦੋਂ ਭਾਰਤ ਇਹ ਕਰਦਾ ਹੈ ?” ਇਹੀ ਨਹੀਂ, ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਵੀ ਅਮਰੀਕਾ-ਰੂਸ ਡੀਜ਼ਲ ਸਮਝੌਤੇ ਦੀ ਆਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਰੂਸ ਨੂੰ ਡੀਜ਼ਲ ਵੇਚ ਕੇ ਮਿਲਣ ਵਾਲੀ ਵਾਧੂ ਕਮਾਈ ਨਾਲ ਮਾਸਕੋ ਦੀ ਯੂਕ੍ਰੇਨ ਖ਼ਿਲਾਫ਼ ਜੰਗ ਜਾਰੀ ਰੱਖਣ ਦੀ ਸਮਰੱਥਾ ਹੋਰ ਮਜ਼ਬੂਤ ਹੋਵੇਗੀ। ਹਾਲਾਂਕਿ ਵਾਈਟ ਹਾਊਸ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਸ਼ਟਰਪਤੀ ਟਰੰਪ ਨੇ ਇਸ ਫੈਸਲੇ ਦਾ ਬਚਾਅ ਕੀਤਾ ਹੈ। ਉਨ੍ਹਾਂ ਕਿਹਾ ਕਿ ਅਮਰੀਕੀ ਨਾਗਰਿਕਾਂ, ਕਿਸਾਨਾਂ ਅਤੇ ਟਰੱਕ ਚਾਲਕਾਂ ਲਈ ਡੀਜ਼ਲ ਦੀਆਂ ਅਸਮਾਨੀ ਚੜ੍ਹੀਆਂ ਕੀਮਤਾਂ ਨੂੰ ਹੇਠਾਂ ਲਿਆਉਣ ਲਈ ਇਹ ਕਦਮ ਜ਼ਰੂਰੀ ਸੀ। ਯੂ.ਐੱਸ. ਟ੍ਰੇਜ਼ਰੀ ਵਿਭਾਗ ਨੇ General License 135 ਜਾਰੀ ਕਰਕੇ ਅਪ੍ਰੈਲ 2027 ਤੱਕ ਰੂਸੀ ਡੀਜ਼ਲ ਦੀ ਖਰੀਦ ਅਤੇ ਆਯਾਤ ਨੂੰ ਅਧਿਕਾਰਤ ਤੌਰ ‘ਤੇ ਮਨਜ਼ੂਰੀ ਦੇ ਦਿੱਤੀ ਹੈ।

