Live telecast of death penalty to take place in the US; decision sparks massive outrage
ਅਮਰੀਕਾ ‘ਚ ਸਜ਼ਾ-ਏ-ਮੌਤ ਦਾ ਹੋਵੇਗਾ ਲਾਈਵ ਟੈਲੀਕਾਸਟ, ਫ਼ੈਸਲੇ ‘ਤੇ ਭੜਕਿਆ ਜ਼ਬਰਦਸਤ ਗੁੱਸਾ
ਵਾਸ਼ਿੰਗਟਨ (ਆਵਾਜ਼ਿ ਕੌਮ ਬਿਊਰੋ)-ਅਮਰੀਕੀ ਪ੍ਰਸ਼ਾਸਨ ਦੇ ਇਕ ਫ਼ੈਸਲੇ ’ਤੇ ਜ਼ਬਰਦਸਤ ਗੁੱਸਾ ਭੜਕਿਆ ਹੋਇਆ ਹੈ। ਅਸਲ ਵਿਚ ਅਮਰੀਕਾ ’ਚ ਇਕ ਕਾਤਲ ਨੂੰ ਸਜ਼ਾ-ਏ-ਮੌਤ ਦਿੱਤੀ ਗਈ ਹੈ। ਉੱਥੋਂ ਦੀ ਸਰਕਾਰ ਨੇ ਤੈਅ ਕੀਤਾ ਹੈ ਕਿ ਇਸ ਸਜ਼ਾ ਦਾ ਲਾਈਵ ਟੈਲੀਕਾਸਟ ਕੀਤਾ ਜਾਵੇਗਾ। ਹੁਣ ਯੂ. ਐੱਨ. ਵਿਚ ਇਸ ਫ਼ੈਸਲੇ ਦਾ ਵਿਰੋਧ ਹੋ ਰਿਹਾ ਹੈ। ਸੰਯੁਕਤ ਰਾਸ਼ਟਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਮੌਤ ਦੀ ਸਜ਼ਾ ਦਾ ਲਾਈਵ ਟੈਲੀਕਾਸਟ ਟਾਰਚਰ ਵਰਗਾ ਹੈ। ਮਨੁੱਖੀ ਅਧਿਕਾਰਾਂ ਲਈ ਹਾਈ ਕਮਿਸ਼ਨਰ ਦੇ ਦਫ਼ਤਰ ਨੇ ਕਿਹਾ ਕਿ ਕਿਸੇ ਫ਼ਾਂਸੀ ਦੀ ਲਾਈਵਸਟ੍ਰੀਮ ਕਰਨਾ ਜਨਤਕ ਫ਼ਾਂਸੀ ਦੇ ਬਰਾਬਰ ਹੈ। ਇਹ ਤਸ਼ੱਦਦ ’ਤੇ ਪੂਰਨ ਪਾਬੰਦੀ ਦੀ ਉਲੰਘਣਾ ਕਰੇਗਾ। ਇਕ ਰਿਪੋਰਟ ਮੁਤਾਬਕ ਰੱਖਿਆ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਨਿਦਾਲ ਹਸਨ ਨੂੰ ਦਿੱਤੀ ਜਾਣ ਵਾਲੀ ਸਜ਼ਾ-ਏ-ਮੌਤ ਦੀ ‘ਲਾਈਵ-ਸਟ੍ਰੀਮਿੰਗ’ ਕੀਤੀ ਜਾਵੇਗੀ। ਹਸਨ ਨੇ 2009 ਵਿਚ ਫੋਰਟ ਹੁੱਡ ਵਿਚ 13 ਨਿਹੱਥੇ ਅਮਰੀਕੀ ਫ਼ੌਜੀਆਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਮੰਨਿਆ ਜਾ ਰਿਹਾ ਹੈ ਕਿ ਇਹ ਲਗਭਗ ਇਕ ਸਦੀ ਵਿਚ ਅਮਰੀਕਾ ਵਿਚ ਦਿੱਤੀ ਜਾਣ ਵਾਲੀ ਪਹਿਲੀ ਜਨਤਕ ਸਜ਼ਾ-ਏ-ਮੌਤ ਹੋਵੇਗੀ। ਅਮਰੀਕੀ ਰੱਖਿਆ ਮੰਤਰੀ ਪੀਟ ਹੈਗਸੇਥ ਨੇ ਕਿਹਾ ਕਿ ਅਸੀਂ ਇਹ ਪੱਕਾ ਕਰਾਂਗੇ ਕਿ ਲੋਕ ਇਸ ਨੂੰ ਦੇਖ ਸਕਣ, ਕਿ ਇਹ ਜਨਤਕ ਹੋਵੇ। ਲੋਕਾਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਇਸ ਤਰ੍ਹਾਂ ਦੀਆਂ ਚੀਜ਼ਾਂ ਦੇ ਗੰਭੀਰ ਸਿੱਟੇ ਹੁੰਦੇ ਹਨ।

