Air travel becomes expensive; flight fares have doubled
ਹਵਾਈ ਯਾਤਰਾ ਮਹਿੰਗੀ, ਉਡਾਣਾਂ ਦਾ ਕਿਰਾਇਆ ਹੋਇਆ ਦੁੱਗਣਾ
ਚੰਡੀਗੜ੍ਹ (ਆਵਾਜ਼ਿ ਕੌਮ ਬਿਊਰੋ)-ਤਿਉਹਾਰਾਂ ਮੌਕੇ ਘਰ ਜਾਣ ਦੀ ਸੋਚ ਰਹੇ ਲੋਕਾਂ ਦੀਆਂ ਜੇਬਾਂ ’ਤੇ ਬਹੁਤ ਭਾਰੀ ਅਸਰ ਪੈਣ ਵਾਲਾ ਹੈ ਕਿਉਂਕਿ ਦੀਵਾਲੀ ਅਤੇ ਛਠ ਪੂਜਾ ਕਾਰਨ ਵਧੀ ਮੰਗ ਕਾਰਨ ਹਵਾਈ ਜਹਾਜ਼ ਦੇ ਕਿਰਾਏ ’ਚ ਬਹੁਤ ਜ਼ਿਆਦਾ ਵਾਧਾ ਹੋਇਆ ਹੈ। ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਪਟਨਾ ਅਤੇ ਲਖਨਊ ਜਾਣ ਵਾਲੀ ਉਡਾਣ ਦਾ ਕਿਰਾਇਆ ਦੋ ਗੁਣਾ ਤੱਕ ਵਾਧਾ ਦਰਜ ਹੋ ਚੁੱਕਾ ਹੈ। 28 ਦਿਨ ਪਹਿਲਾਂ ਬੁਕਿੰਗ ਕਰਵਾਉਣ ਵਾਲੇ ਲੋਕਾਂ ਨੂੰ ਡਬਲ ਕਿਰਾਇਆ ਦੇਣਾ ਪਿਆ ਹੈ। ਅਜਿਹੇ ਹਾਲਾਤਾਂ ’ਚ ਤਿਉਹਾਰ ਨੇੜੇ ਆਉਣ ’ਤੇ ਫਲੈਕਸੀ ਫੇਅਰ ਦੇ ਆਧਾਰ ’ਤੇ ਕਿਰਾਇਆ ਹੋਰ ਵੀ ਵਧ ਜਾਵੇਗਾ। ਏਨਾ ਹੀ ਨਹੀਂ, ਹਵਾਈ ਜਹਾਜ਼ ਦੇ ਕਿਰਾਏ ’ਚ ਵਾਧੇ ਦਾ ਇਕ ਮੁੱਖ ਕਾਰਨ ਉੱਤਰ ਪ੍ਰਦੇਸ਼ ਅਤੇ ਬਿਹਾਰ ਜਾਣ ਵਾਲੀਆਂ ਰੁਟੀਨ ਅਤੇ ਵਿਸ਼ੇਸ਼ ਰੇਲਗੱਡੀਆਂ ’ਚ ਵੇਟਿੰਗ ਟਿਕਟ ਵੀ ਉਪਲੱਬਧ ਨਹੀਂ ਹੋਣਾ ਹੈ। ਸਿਰਫ਼ ਉੱਤਰ ਪ੍ਰਦੇਸ਼-ਬਿਹਾਰ ਹੀ ਨਹੀਂ, ਸੈਰ-ਸਪਾਟਾ ਸਥਾਨਾਂ ਦੇ ਕਿਰਾਏ ’ਚ ਵੀ ਵਾਧਾ ਹੋਇਆ ਹੈ। ਚੰਡੀਗੜ੍ਹ ਤੋਂ ਮੁੰਬਈ, ਗੋਆ ਤੇ ਬੰਗਲੁਰੂ ਜਾਣ ਵਾਲੀਆਂ ਉਡਾਣਾਂ ਦੇ ਕਿਰਾਏ ’ਚ 40 ਫ਼ੀਸਦੀ ਤੱਕ ਦਾ ਵਾਧਾ ਹੋਇਆ ਹੈ। ਦੀਵਾਲੀ ਦੀਆਂ ਛੁੱਟੀਆਂ ’ਚ ਘੁੰਮਣ ਜਾਣ ਵਾਲਿਆਂ ਦੀ ਯੋਜਨਾ ਵੀ ਇਸ ਵਾਧੇ ਕਾਰਨ ਗੜਬੜਾ ਗਈ ਹੈ। ਚੰਡੀਗੜ੍ਹ ਤੋਂ ਪਟਨਾ ਅਤੇ ਲਖਨਊ ਰੂਟਾਂ ’ਤੇ ਕਿਰਾਏ ’ਚ ਸਭ ਤੋਂ ਜ਼ਿਆਦਾ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਆਮ ਦਿਨਾਂ ’ਚ 5 ਤੋਂ 6 ਹਜ਼ਾਰ ’ਚ ਮਿਲਣ ਵਾਲੀਆਂ ਟਿਕਟਾਂ ਲਈ ਹੁਣ 15 ਹਜਾਰ ਰੁਪਏ ਤੱਕ ਦੇਣੇ ਪੈ ਰਹੇ ਹਨ। ਹਵਾਈ ਯਾਤਰਾ ਮਹਿੰਗੀ ਹੋਣ ਤੋਂ ਬਾਅਦ ਲੋਕਾਂ ਨੇ ਰੇਲਗੱਡੀਆਂ ਵੱਲ ਰੁਖ਼ ਕੀਤਾ ਪਰ ਉੱਥੇ ਵੀ ਨਿਰਾਸ਼ਾ ਹੀ ਹੱਥ ਲੱਗੀ। ਲੰਬੀ ਦੂਰੀ ਦੀਆਂ ਸਾਰੀਆਂ ਮੁੱਖ ਰੇਲਗੱਡੀਆਂ ’ਚ ਵੇਟਿੰਗ 200 ਤੋਂ ਉੱਪਰ ਤੱਕ ਪਹੁੰਚ ਗਈ ਹੈ ਜਦਕਿ ਕਈ ਰੇਲਗੱਡੀਆਂ ’ਚ ਵੇਟਿੰਗ ਟਿਕਟਾਂ ਵੀ ਜਾਰੀ ਨਹੀਂ ਕੀਤੀਆਂ ਜਾ ਰਹੀਆਂ ਹਨ। ਤਿਉਹਾਰਾਂ ਮੌਕੇ ਘਰ ਜਾਣ ਲਈ ਲੋਕਾਂ ਨੂੰ ਹੁਣ ਮਹਿੰਗੀ ਹਵਾਈ ਯਾਤਰਾ ਕਰਨੀ ਪੈ ਰਹੀ ਹੈ ਜਾਂ ਫਿਰ ਬੱਸਾਂ ’ਚ ਧੱਕੇ ਖਾਣੇ ਪੈ ਰਹੇ ਹਨ।

