Assistant Superintendent and Warden suspended for supplying mobile phones and drugs to prisoners in jail
ਜੇਲ੍ਹ ’ਚ ਕੈਦੀਆਂ ਨੂੰ ਮੋਬਾਈਲ ਤੇ ਨਸ਼ਾ ਪਹੁੰਚਾਉਣ ਦੇ ਦੋਸ਼ ’ਚ ਸਹਾਇਕ ਸੁਪਰਡੈਂਟ ਤੇ ਵਾਰਡਨ ਸਸਪੈਂਡ
ਲੁਧਿਆਣਾ (ਆਵਾਜ਼ਿ ਕੌਮ ਬਿਊਰੋ)-ਮਹਾਨਗਰ ਦੀ ਤਾਜਪੁਰ ਰੋਡ ਸਥਿਤ ਬ੍ਰੋਸਟਲ ਜੇਲ ਵਿਚ ਇਕ ਵੱਡਾ ਰੈਕਟ ਬੇਨਕਾਬ ਹੋਇਆ ਹੈ। ਜੇਲ ਅੰਦਰ ਬੰਦੀਆਂ ਨੂੰ ਮੋਬਾਈਲ ਫੋਨ ਤੇ ਨਸ਼ਾ ਸਪਲਾਈ ਕਰਨ ਦੇ ਦੋਸ਼ ਵਿਚ ਸਹਾਇਕ ਸੁਪਰਡੈਂਟ ਅਤੇ ਵਾਰਡਨ ਨੂੰ ਸਸਪੈਂਡ ਕਰਕੇ ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਏ.ਡੀ.ਜੀ.ਪੀ. (ਜੇਲਾਂ), ਡੀ.ਆਈ.ਜੀ. ਜੇਲ ਸਰਕਲ ਪਟਿਆਲਾ ਤੇ ਲੁਧਿਆਣਾ ਦੇ ਪੁਲਸ ਕਮਿਸ਼ਨਰ ਨੂੰ ਜਾਂਚ ਰਿਪੋਰਟ ਭੇਜੇ ਜਾਣ ਉਪਰੰਤ ਬ੍ਰੋਸਟਲ ਜੇਲ ਦੇ ਸਹਾਇਕ ਸੁਪਰਡੈਂਟ ਹਰਮਿੰਦਰ ਸਿੰਘ ਤੇ ਵਾਰਡਨ ਬਲਜੀਤ ਸਿੰਘ ਨੂੰ ਮੁਅੱਤਲ ਕੀਤਾ ਗਿਆ ਹੈ। ਇਹ ਕਾਰਵਾਈ ਬ੍ਰੋਸਟਲ ਜੇਲ ਦੇ ਡਿਪਟੀ ਸੁਪਰਡੈਂਟ (ਸਕਿਓਰਟੀ) ਜਗਜੀਤ ਸਿੰਘ ਦੀ ਸ਼ਿਕਾਇਤ ’ਤੇ ਗੁਪਤ ਸੂਚਨਾ ਦੇ ਆਧਾਰ ’ਤੇ ਕੀਤੀ ਗਈ ਜਾਂਚ ਤੋਂ ਬਾਅਦ ਕੀਤੀ ਗਈ ਹੈ। ਜਾਂਚ ਵਿਚ ਸਾਹਮਣੇ ਆਇਆ ਹੈ ਕਿ ਉਕਤ ਮੁਲਾਜ਼ਮਾਂ ਨੇ ਜੇਲ ਵਿਚ ਬੰਦ ਖ਼ਤਰਨਾਕ ਹਵਾਲਾਤੀਆਂ (ਅਭਿਸ਼ੇਕ, ਲਵਪ੍ਰੀਤ, ਸਾਹਿਲ ਅਤੇ ਜਤਿਨ) ਨਾਲ ਮਿਲ ਕੇ ਉਨ੍ਹਾਂ ਨੂੰ ਰਾਤ ਦੇ ਸਮੇਂ ਮੋਬਾਈਲ ਮੁਹੱਈਆ ਕਰਵਾਏ। ਇਨ੍ਹਾਂ ਮੋਬਾਈਲਾਂ ਰਾਹੀਂ ਬੰਦੀਆਂ ਨੇ ਜੇਲ ਕੰਪਲੈਕਸ ਦੀਆਂ ਵੀਡੀਓਜ਼ ਬਣਾ ਕੇ ਬਾਹਰ ਭੇਜੀਆਂ ਤੇ ਵਿਭਾਗ ਦੀ ਛਵੀ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ। ਦੱਸਣਯੋਗ ਹੈ ਕਿ ਇਨ੍ਹਾਂ ਬੰਦੀਆਂ ਵਿੱਚ ਗੈਂਗਸਟਰ ਗੋਲਡੀ ਬਰਾੜ ਗੈਂਗ ਦਾ ਮੈਂਬਰ ਅਤੇ ਕਤਲ, ਜਬਰ-ਜ਼ਨਾਹ ਤੇ ਨਸ਼ਾ ਸਮੱਗਲਿੰਗ ਵਰਗੇ ਗੰਭੀਰ ਮਾਮਲਿਆਂ ਵਿਚ ਸ਼ਾਮਲ ਹਵਾਲਾਤੀ ਸ਼ਾਮਲ ਹਨ। ਬ੍ਰੋਸਟਲ ਜੇਲ ਦੇ ਸੁਪਰਡੈਂਟ ਗੁਰਪ੍ਰੀਤ ਸਿੰਘ ਨੇ ਪੁਸ਼ਟੀ ਕਰਦਿਆਂ ਕਿਹਾ ਕਿ ਸਹਾਇਕ ਸੁਪਰਡੈਂਟ, ਵਾਰਡਨ ਤੇ 4 ਬੰਦੀਆਂ ਵਿਰੁੱਧ ਕੇਸ ਦਰਜ ਕਰ ਕੇ ਬਣਦੀ ਵਿਭਾਗੀ ਤੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

