Punjab: Assault rifle found in a vacant plot near a school! Administration in a tizzy
ਪੰਜਾਬ: ਸਕੂਲ ਨੇੜਿਓਂ ਖ਼ਾਲੀ ਪਲਾਟ ‘ਚੋਂ ਮਿਲੀ ਅਸਾਲਟ ਰਾਈਫ਼ਲ! ਪ੍ਰਸ਼ਾਸਨ ਨੂੰ ਪਈਆਂ ਭਾਜੜਾਂ
ਅੰਮ੍ਰਿਤਸਰ (ਆਵਾਜ਼ਿ ਕੌਮ ਬਿਊਰੋ)-ਅੰਮ੍ਰਿਤਸਰ ਜ਼ਿਲ੍ਹੇ ‘ਚ ਸਕੂਲ ਨੇੜਿਓਂ ਇਕ ਅਸਾਲਟ ਰਾਈਫ਼ਲ ਬਰਾਮਦ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਅਧੀਨ ਆਉਂਦੇ ਥਾਣਾ ਕੰਬੋਅ ਦੀ ਪੁਲਸ ਵੱਲੋਂ ਮਿਲਟਰੀ ਇੰਟੈਲੀਜੈਂਸ ਅੰਮ੍ਰਿਤਸਰ ਦੇ ਸਹਿਯੋਗ ਨਾਲ ਲੁਹਾਰਕਾ ਰੋਡ ‘ਤੇ ਕੈਂਬਰਿਜ ਸਕੂਲ ਨੇੜਲੇ ਖਾਲੀ ਪਲਾਟਾਂ ‘ਚੋਂ ਇਕ ਅਸਾਲਟ ਰਾਈਫ਼ਲ ਬਰਾਮਦ ਕੀਤੀ ਗਈ ਹੈ। ਇਸ ਕਾਰਵਾਈ ਤੋਂ ਬਾਅਦ ਪੁਲਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਮਿਲਟਰੀ ਇੰਟੈਲੀਜੈਂਸ ਅੰਮ੍ਰਿਤਸਰ ਵੱਲੋਂ ਥਾਣਾ ਕੰਬੋਅ ਦੀ ਪੁਲਸ ਨੂੰ ਸੂਚਨਾ ਦਿੱਤੀ ਗਈ ਸੀ ਕਿ ਕੈਂਬਰਿਜ ਸਕੂਲ ਨੇੜਲੇ ਖਾਲੀ ਪਲਾਟਾਂ ‘ਚੋਂ ਮਾਰੂ ਹਥਿਆਰ ਜਾਂ ਅਸਲਾ ਮਿਲ ਸਕਦਾ ਹੈ। ਇਸ ਸੂਚਨਾ ਦੇ ਆਧਾਰ ’ਤੇ ਏ. ਐੱਸ. ਆਈ. ਸਰਵਨ ਸਿੰਘ ਦੀ ਅਗਵਾਈ ਹੇਠ ਪੁਲਸ ਪਾਰਟੀ ਅਤੇ ਮਿਲਟਰੀ ਇੰਟੈਲੀਜੈਂਸ ਦੇ ਕਰਮਚਾਰੀਆਂ ਵੱਲੋਂ ਸਾਂਝੇ ਤੌਰ ’ਤੇ ਇਲਾਕੇ ‘ਚ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਦੌਰਾਨ ਖਾਲੀ ਪਲਾਟਾਂ ‘ਚੋਂ ਪੀਲੇ ਰੰਗ ਦੇ ਲਿਫ਼ਾਫ਼ੇ ‘ਚ ਲਪੇਟੀ ਹੋਈ ਇਕ ਅਸਾਲਟ ਰਾਈਫ਼ਲ ਬਰਾਮਦ ਹੋਈ। ਇਸ ਸਬੰਧੀ ਥਾਣਾ ਕੰਬੋਅ ਵਿਖੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਸ ਵੱਲੋਂ ਇਹ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ ਕਿ ਹਥਿਆਰ ਉੱਥੇ ਕਿਸ ਨੇ ਰੱਖਿਆ ਸੀ ਅਤੇ ਇਸ ਮਾਮਲੇ ਪਿੱਛੇ ਕੀ ਕਾਰਨ ਹਨ।

