Shots fired in Model Town! Threats for extortion were being received
ਮਾਡਲ ਟਾਊਨ ‘ਚ ਚੱਲੀਆਂ ਗੋਲ਼ੀਆਂ! ਫ਼ਿਰੌਤੀ ਲਈ ਮਿਲ ਰਹੀਆਂ ਸੀ ਧਮਕੀਆਂ
ਲੁਧਿਆਣਾ (ਆਵਾਜ਼ਿ ਕੌਮ ਬਿਊਰੋ)-ਮਹਾਨਗਰ ਦੇ ਪੌਸ਼ ਅਤੇ ਬਹੁਤ ਸੁਰੱਖਿਅਤ ਮੰਨੇ ਜਾਂਦੇ ਇਲਾਕੇ ਮਾਡਲ ਟਾਊਨ ਵਿਚ ਦੇਰ ਰਾਤ ਗੋਲ਼ੀਆਂ ਦੀ ਤਾੜ-ਤਾੜ ਨਾਲ ਸਨਸਨੀ ਫ਼ੈਲ ਗਈ। ਇੱਥੇ ਸਥਿਤ ‘ਰਾਈਟ ਵੇਅ ਇਮੀਗ੍ਰੇਸ਼ਨ’ ਦੇ ਦਫ਼ਤਰ ਨੂੰ ਨਿਸ਼ਾਨਾ ਬਣਾਉਂਦਿਆਂ ਦੋ ਅਣਪਛਾਤੇ ਹਮਲਾਵਰਾਂ ਨੇ ਤਾਬੜਤੋੜ ਫ਼ਾਇਰਿੰਗ ਕਰ ਦਿੱਤੀ। ਗੋਲ਼ੀਆਂ ਦੀ ਆਵਾਜ਼ ਨਾਲ ਪੂਰਾ ਇਲਾਕਾ ਦਹਿਲ ਉੱਠਿਆ। ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਮੁਲਜ਼ਮ ਆਪਣੇ ਮੋਟਰਸਾਈਕਲ ‘ਤੇ ਸਵਾਰ ਹੋ ਕੇ ਹਵਾ ਵਿਚ ਹਥਿਆਰ ਲਹਿਰਾਉਂਦੇ ਮੌਕੇ ਤੋਂ ਫ਼ਰਾਰ ਹੋ ਗਏ। ਸਵੇਰੇ ਘਟਨਾ ਦੀ ਸੂਚਨਾ ਮਿਲਦਿਆਂ ਹੀ ਏਸੀਪੀ ਤੇ ਥਾਣਾ ਮਾਡਲ ਟਾਊਨ ਦੀ ਪੁਲਸ ਭਾਰੀ ਫ਼ੋਰਸ ਦੇ ਨਾਲ ਮੌਕੇ ‘ਤੇ ਪਹੁੰਚੀ ਤੇ ਜਾਂਚ ਸ਼ੁਰੂ ਕੀਤੀ। ਜਾਣਕਾਰੀ ਮੁਤਾਬਕ, ਮਾਡਲ ਟਾਊਨ ਸਥਿਤ ‘ਰਾਈਟ ਵੇਅ ਇਮੀਗ੍ਰੇਸ਼ਨ’ ਦਾ ਦਫ਼ਤਰ ਰਾਤ ਵੇਲੇ ਬੰਦ ਸੀ। ਦੇਰ ਰਾਤ ਇਕ ਬਾਈਕ ‘ਤੇ ਸਵਾਰ ਹੋ ਕੇ ਦੋ ਸ਼ੱਕੀ ਨੌਜਵਾਨ ਦਫ਼ਤਰ ਦੇ ਬਾਹਰ ਪਹੁੰਚੇ। ਮੁਲਜ਼ਮਾਂ ਨੇ ਆਪਣੇ ਚੇਹਰੇ ਢਕੇ ਹੋਏ ਸਨ। ਬਿਨਾਂ ਕੋਈ ਮੌਕਾ ਦਿੱਤੇ ਮੁਲਜ਼ਮਾਂ ਨੇ ਆਪਣੀ ਪਿਸਤੌਲ ਕੱਢੀ ਤੇ ਸਿੱਧੇ ਇਮੀਗ੍ਰੇਸ਼ਨ ਦਫ਼ਤਰ ਦੇ ਫਰੰਟ ਗੇਟ ਤੇ ਸ਼ੀਸ਼ਿਆਂ ਨੂੰ ਨਿਸ਼ਾਨਾ ਬਣਾਉਂਦਿਆਂ ਗੋਲ਼ੀਆਂ ਦਾਗ ਦਿੱਤੀਆਂ। ਗਨੀਮਤ ਇਹ ਰਹੀ ਕਿ ਵਾਰਦਾਤ ਦੇ ਵੇਲੇ ਦਫ਼ਤਰ ਬੰਦ ਸੀ ਤੇ ਅੰਦਰ ਕੋਈ ਮੁਲਾਜ਼ਮ ਮੌਜੂਦ ਨਹੀਂ ਸੀ, ਜਿਸ ਨਾਲ ਵੱਡਾ ਜਾਨੀ ਨੁਕਸਾਨ ਹੋਣ ਤੋਂ ਟਲ਼ ਗਿਆ। ਹਾਲਾਂਕਿ ਗੋਲ਼ੀਆਂ ਲੱਗਣ ਨਾਲ ਦਫ਼ਤਰ ਦੀਆਂ ਬਾਰੀਆਂ ਤੇ ਢਾਂਚੇ ਨੂੰ ਨੁਕਸਾਨ ਪਹੁੰਚਿਆ ਹੈ। ਇਸ ਘਟਨਾ ਦੇ ਪਿੱਛੇ ਫ਼ਿਰੌਤੀ ਜਾਂ ਕਿਸੇ ਗੈਂਗ ਨਾਲ ਜੁੜੀ ਧਮਕੀ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਸਾਹਮਣੇ ਆਈ ਹੈ ਕਿ ਇਮੀਗ੍ਰੇਸ਼ਨ ਫ਼ਰਮ ਦੇ ਮਾਲਕ ਨੂੰ ਪਿਛਲੇ ਕੁਝ ਦਿਨਾਂ ਤੋਂ ਅਣਪਛਾਤੇ ਨੰਬਰਾਂ ਤੋਂ ਲਗਾਤਾਰ ਧਮਕੀਆਂ ਮਿਲ ਰਹੀਆਂ ਸਨ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਦਫ਼ਤਰ ‘ਤੇ ਫ਼ਾਇਰਿੰਗ ਦਹਿਸ਼ਤ ਫ਼ੈਲਾਉਣ ਅਤੇ ਮੋਟੀ ਰਕਮ ਲੈਣ ਦੇ ਮਕਸਦ ਨਾਲ ਕਰਵਾਈ ਗਈ ਹੈ। ਵਾਰਦਾਤ ਦੀ ਖ਼ਬਰ ਲਗਦਿਆਂ ਹੀ ਇਲਾਕੇ ਦੇ ਏ. ਸੀ. ਪੀ. ਤੇ ਥਾਣਾ ਮਾਡਲ ਟਾਊਨ ਦੇ ਐੱਸ. ਐੱਚ. ਓ. ਪੁਲਸ ਟੀਮ ਤੇ ਫ਼ੋਰੈਂਸਿਕ ਮਾਹਰਾਂ ਦੇ ਨਾਲ ਮੌਕੇ ‘ਤੇ ਪਹੁੰਚੇ। ਪੁਲਸ ਨੇ ਮੌਕੇ ਤੋਂ ਖ਼ਾਲੀ ਖੋਲ ਤੇ ਹੋਰ ਸਬੂਤ ਜੁਟਾਏ ਹਨ। ਧਮਕੀਆਂ ਦੇ ਦਾਅਵਿਆਂ ‘ਤੇ ਪ੍ਰਤੀਕਿਰਿਆ ਦਿੰਦਿਆਂ ਪੁਲਸ ਅਫ਼ਸਰਾਂ ਨੇ ਸਪਸ਼ਟ ਕੀਤਾ ਹੈ ਕਿ ਪੁਲਸ ਥਾਣੇ ਵਿਚ ਪਹਿਲਾਂ ਅਜਿਹੀ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ ਸੀ। ਅਫ਼ਸਰਾਂ ਦਾ ਕਹਿਣਾ ਹੈ ਕਿ ਪੁਲਸ ਮਾਮਲੇ ਨੂੰ ਪੂਰੀ ਗੰਭੀਰਤਾ ਨਾਲ ਲੈ ਰਹੀ ਹੈ ਤੇ ਆਪਸੀ ਰੰਜਿਸ਼, ਵੀਜ਼ਾ ਵਿਵਾਦ ਜਾਂ ਰੰਗਦਾਰੀ ਸਮੇਤ ਤਮਾਮ ਐਂਗਲਾਂ ਤੋਂ ਜਾਂਚ ਅੱਗੇ ਵਧਾਈ ਜਾ ਰਹੀ ਹੈ। ਪੁਲਸ ਟੀਮ ਨੇ ਇਮੀਗ੍ਰੇਸ਼ਨ ਦਫ਼ਤਰ ਤੇ ਆਲੇ-ਦੁਆਲੇ ਦੀਆਂ ਦੁਕਾਨਾਂ ਤੇ ਕੋਠੀਆਂ ਦੇ ਬਾਹਰ ਲੱਗੇ ਸੀ. ਸੀ. ਟੀ.ਵੀ. ਕੈਮਰਿਆਂ ਦੀ ਰਿਕਾਰਡਿੰਗ ਆਪਣੇ ਕਬਜ਼ੇ ਵਿਚ ਲੈ ਲਈ ਹੈ। ਫੁਟੇਜ ਵਿਚ ਬਾਈਕ ਸਵਾਰ 2 ਸ਼ੱਕੀ ਗੋਲ਼ੀਬਾਰੀ ਕਰਦੇ ਤੇ ਉਸ ਮਗਰੋਂ ਤੇਜ਼ੀ ਨਾਲ ਭੱਜਦੇ ਨਜ਼ਰ ਆ ਰਹੇ ਹਨ। ਪੁਲਸ ਅਫ਼ਸਰਾਂ ਦਾ ਕਹਿਣਾ ਹੈ ਕਿ ਫੁਟੇਜ ਦੇ ਜ਼ਰੀਏ ਵਾਰਦਾਤ ਵਿਚ ਵਰਤੀ ਗਈ ਬਾਈਕ ਦੇ ਨੰਬਰ ਤੇ ਮੁਲਜ਼ਮਾਂ ਦੇ ਰੂਟ ਨੂੰ ਟ੍ਰੇਸ ਕੀਤਾ ਜਾ ਰਿਹਾ ਹੈ।

