Drone attack on Indian oil tanker off Oman: 2 crew members missing, search operation underway
ਓਮਾਨ ‘ਚ ਭਾਰਤੀ ਤੇਲ ਟੈਂਕਰ ‘ਤੇ ਡਰੋਨ ਹਮਲਾ: 2 ਕ੍ਰੂ ਮੈਂਬਰ ਲਾਪਤਾ, ਸਰਚ ਆਪ੍ਰੇਸ਼ਨ ਜਾਰੀ
ਮਸਕਟ (ਆਵਾਜ਼ਿ ਕੌਮ ਬਿਊਰੋ)- ਓਮਾਨ ਦੇ ਸੋਹਾਰ ਤੱਟ ਨੇੜੇ ਲੰਗਰ ਡਾਹ ਕੇ ਖੜ੍ਹੇ ਇੱਕ ਭਾਰਤੀ ਤੇਲ ਟੈਂਕਰ ‘ਤੇ ਹੋਏ ਡਰੋਨ ਹਮਲੇ ਤੋਂ ਬਾਅਦ ਹਫੜਾ-ਦਫੜੀ ਮਚ ਗਈ ਹੈ। ਇਸ ਟੈਂਕਰ ‘ਤੇ ਸਵਾਰ ਕੁੱਲ 11 ਭਾਰਤੀ ਕ੍ਰੂ ਮੈਂਬਰਾਂ ਵਿੱਚੋਂ 9 ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ, ਜਦਕਿ 2 ਭਾਰਤੀ ਕ੍ਰੂ ਮੈਂਬਰ ਅਜੇ ਵੀ ਲਾਪਤਾ ਹਨ। ਲਾਪਤਾ ਮੈਂਬਰਾਂ ਦੀ ਭਾਲ ਲਈ ਸਥਾਨਕ ਤੱਟ ਰੱਖਿਅਕ ਬਲ (ਕੋਸਟ ਗਾਰਡ) ਵੱਲੋਂ ਵੱਡੇ ਪੱਧਰ ‘ਤੇ ਤਲਾਸ਼ੀ ਅਭਿਆਨ ਚਲਾਇਆ ਜਾ ਰਿਹਾ ਹੈ। ਕੇਂਦਰੀ ਪੱਤਣ, ਪੋਤ ਪਰਿਵਹਨ ਅਤੇ ਜਲਮਾਰਗ ਮੰਤਰੀ ਸਰਬਾਨੰਦ ਸੋਨੋਵਾਲ ਨੇ ਸੋਸ਼ਲ ਮੀਡੀਆ ਮੰਚ ‘X’ ‘ਤੇ ਇਸ ਘਟਨਾ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ 11 ਅਕਤੂਬਰ ਨੂੰ ਸੋਹਾਰ ਐਂਕਰੇਜ ਦੇ ਕੋਲ ਲੰਗਰ ਡਾਹੇ ਤੇਲ ਟੈਂਕਰ ’ਐੱਮ.ਟੀ. ਪੈਟਰੋ ਡਾਲਫਿਨ’ (MT PETRO DOLPHIN) ਨੂੰ ਡਰੋਨ ਨਾਲ ਨਿਸ਼ਾਨਾ ਬਣਾਇਆ ਗਿਆ। ਮੰਤਰੀ ਮੁਤਾਬਕ ਬਚਾਏ ਗਏ ਸਾਰੇ 9 ਭਾਰਤੀ ਕ੍ਰੂ ਮੈਂਬਰ ਪੂਰੀ ਤਰ੍ਹਾਂ ਸੁਰੱਖਿਅਤ ਹਨ ਅਤੇ ਬਾਕੀ 2 ਮੈਂਬਰਾਂ ਨੂੰ ਲੱਭਣ ਲਈ ਬਚਾਅ ਕਾਰਜ ਲਗਾਤਾਰ ਜਾਰੀ ਹਨ। ਮੰਤਰੀ ਸੋਨੋਵਾਲ ਨੇ ਦੱਸਿਆ ਕਿ ਭਾਰਤੀ ਅਧਿਕਾਰੀ ਸਬੰਧਤ ਏਜੰਸੀਆਂ ਨਾਲ ਲਗਾਤਾਰ ਸੰਪਰਕ ਬਣਾਏ ਹੋਏ ਹਨ ਤਾਂ ਜੋ ਬਚਾਅ ਅਭਿਆਨ ਵਿੱਚ ਹਰ ਸੰਭਵ ਮਦਦ ਯਕੀਨੀ ਬਣਾਈ ਜਾ ਸਕੇ। ਓਮਾਨ ਸਥਿਤ ਭਾਰਤੀ ਦੂਤਾਵਾਸ ਵੀ ਇਸ ਪੂਰੇ ਮਾਮਲੇ ‘ਤੇ ਬਾਰੀਕੀ ਨਾਲ ਨਜ਼ਰ ਰੱਖ ਰਿਹਾ ਹੈ ਅਤੇ ਸਥਾਨਕ ਅਧਿਕਾਰੀਆਂ ਨਾਲ ਲਗਾਤਾਰ ਰਾਬਤੇ ਵਿੱਚ ਹੈ। ਇਹ ਘਟਨਾ ਅਜਿਹੇ ਸਮੇਂ ‘ਚ ਵਾਪਰੀ ਹੈ ਜਦੋਂ ਹੋਰਮੁਜ਼ ਜਲਡਮਰੂਮੱਧ (Strait of Hormuz) ਅਤੇ ਆਸ-ਪਾਸ ਦੇ ਸਮੁੰਦਰੀ ਮਾਰਗਾਂ ਵਿੱਚ ਵਪਾਰਕ ਜਹਾਜ਼ਾਂ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਚਿੰਤਾਵਾਂ ਬਣੀਆਂ ਹੋਈਆਂ ਹਨ। ਇਸ ਤੋਂ ਪਹਿਲਾਂ ਈਰਾਨ ਦੀ ਇਸਲਾਮਿਕ ਰਿਵੋਲਿਊਸ਼ਨਰੀ ਗਾਰਡ ਕਾਰਪਸ (IRGC) ਨੇ ਵੀ ਚੇਤਾਵਨੀ ਦਿੱਤੀ ਸੀ ਕਿ ਇਸ ਖੇਤਰ ਵਿੱਚ ਆਪਣਾ ਨੇਵੀਗੇਸ਼ਨ ਅਤੇ ਲੋਕੇਸ਼ਨ ਸਿਸਟਮ ਬੰਦ ਕਰਨ ਵਾਲੇ ਜਹਾਜ਼ਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾ ਸਕਦੀ ਹੈ।

