Tragic incident in Pakistan: Mother and son killed in powerful explosion
ਪਾਕਿਸਤਾਨ ‘ਚ ਦੁਖਦਾਈ ਘਟਨਾ, ਜ਼ੋਰਦਾਰ ਧਮਾਕੇ ਕਾਰਨ ਮਾਂ-ਪੁੱਤ ਦੀ ਹੋਈ ਮੌਤ
Multan, (ਆਵਾਜ਼ਿ ਕੌਮ ਬਿਊਰੋ)-ਪਾਕਿਸਤਾਨ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਇੱਥੇ ਮੁਲਤਾਨ ਵਿੱਚ ਸਥਿਤ ਇੱਕ ਘਰ ਦੇ ਅੰਦਰ ਖਿਡੌਣੇ ਵਰਗੀ ਵਿਸਫੋਟਕ ਵਸਤੂ ਦੇ ਫਟਣ ਨਾਲ 13 ਸਾਲਾ ਲੜਕੇ ਅਤੇ ਉਸਦੀ ਮਾਂ ਦੀ ਮੌਤ ਹੋ ਗਈ। ਮੀਡੀਆ ਰਿਪੋਰਟਾਂ ਵਿਚ ਇਸ ਸਬੰਧੀ ਜਾਣਕਾਰੀ ਦਿੱਤੀ ਗਈ। ਸਮਾਚਾਰ ਏਜੰਸੀ ‘ਡਾਨ’ ਦੀ ਖਬਰ ਮੁਤਾਬਕ ਪੁਲਸ ਨੇ ਦੱਸਿਆ ਕਿ ਸਪੀਕਰ ਵਰਗੀ ਦਿੱਖ ਵਾਲੀ ਇਹ ਵਸਤੂ ਪਰਿਵਾਰ ਦੇ ਘਰ ਨੇੜੇ ਸਥਿਤ ਨਾਈਕ ਟਾਊਨ ਦੇ ਇੱਕ ਕਬਾੜਖਾਨੇ ਤੋਂ ਲਿਆਂਦੀ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਲੜਕਾ ਇਸ ਵਸਤੂ ਨੂੰ ਉਸ ਕਮਰੇ ਵਿੱਚ ਲੈ ਗਿਆ, ਜਿੱਥੇ ਉਸਦੀ ਮਾਂ ਬੈਠੀ ਸੀ। ਖਿਡੌਣਾ ਸਮਝ ਕੇ ਉਸਨੇ ਇਸ ਨਾਲ ਖੇਡਣਾ ਸ਼ੁਰੂ ਕਰ ਦਿੱਤਾ ਅਤੇ ਇਸਨੂੰ ਖੋਲ੍ਹਣ ਦੀ ਕੋਸ਼ਿਸ਼ ਕੀਤੀ, ਜਿਸ ਨਾਲ ਧਮਾਕਾ ਹੋ ਗਿਆ। ਪੁਲਸ ਨੇ ਦੱਸਿਆ ਕਿ ਲੜਕੇ ਅਤੇ ਉਸਦੀ ਮਾਂ ਦੋਵਾਂ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਉਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮੁਲਤਾਨ ਦੇ ਸਿਟੀ ਪੁਲਸ ਅਧਿਕਾਰੀ (CPO) ਅਖਤਰ ਫਾਰੂਕ ਨੇ ‘ਡਾਨ’ ਨੂੰ ਦੱਸਿਆ ਕਿ ਉਨ੍ਹਾਂ ਨੇ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ ਅਤੇ ਸਥਾਨਕ ਲੋਕਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਅੱਗੇ ਕਿਹਾ ਕਿ ਪੁਲਸ ਘਟਨਾ ਨਾਲ ਜੁੜੇ ਹਾਲਾਤਾਂ ਦਾ ਪਤਾ ਲਗਾਉਣ ਲਈ ਮੌਕੇ ਤੋਂ ਸਬੂਤ ਇਕੱਠੇ ਕਰ ਰਹੀ ਹੈ।

