Uproar over a political poster bearing the Punjab Board’s name! PSEB reveals the actual truth about the WhatsApp channel
ਪੰਜਾਬ ਬੋਰਡ ਦੇ ਨਾਂ ‘ਤੇ ਸਿਆਸੀ ਪੋਸਟਰ ਦਾ ਰੌਲਾ! ਵਟਸਐਪ ਚੈਨਲ ਬਾਰੇ PSEB ਨੇ ਦੱਸੀ ਅਸਲ ਸੱਚਾਈ
ਮੋਹਾਲੀ (ਆਵਾਜ਼ਿ ਕੌਮ ਬਿਊਰੋ)-ਪੰਜਾਬ ਸਕੂਲ ਸਿੱਖਿਆ ਬੋਰਡ (ਪੀ. ਐੱਸ. ਈ. ਬੀ.) ਨੇ ਉਸ ਮੀਡੀਆ ਰਿਪੋਰਟ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ, ਜਿਸ ‘ਚ ਦਾਅਵਾ ਕੀਤਾ ਗਿਆ ਸੀ ਕਿ ਬੋਰਡ ਦੇ ਅਧਿਕਾਰਤ ਵਟਸਐਪ ਚੈਨਲ ਰਾਹੀਂ ਕੋਈ ਸਿਆਸੀ ਵਿਰੋਧ ਪ੍ਰਦਰਸ਼ਨ ਦਾ ਪੋਸਟਰ ਸਰਕੁਲੇਟ ਕੀਤਾ ਗਿਆ ਸੀ। ਬੋਰਡ ਨੇ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਦਾ ਇਸ ਤਰ੍ਹਾਂ ਦਾ ਕੋਈ ਵੀ ਅਧਿਕਾਰਤ ਵਟਸਐਪ ਚੈਨਲ ਨਹੀਂ ਹੈ। ਇਸ ਲਈ ਬੋਰਡ ਨਾਲ ਇਸ ਪੋਸਟਰ ਨੂੰ ਜੋੜਨ ਵਾਲੇ ਸਾਰੇ ਦਾਅਵੇ ਬੇ-ਬੁਨਿਆਦ ਅਤੇ ਤੱਥਾਂ ਤੋਂ ਰਹਿਤ ਹਨ। ਦਰਅਸਲ ਇੱਕ ਨਿਊਜ਼ ਰਿਪੋਰਟ ‘ਚ ਭਾਜਪਾ ਪੰਜਾਬ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੇ ਹਵਾਲੇ ਨਾਲ ਦਾਅਵਾ ਕੀਤਾ ਗਿਆ ਸੀ ਕਿ ਮੁੱਖ ਚੋਣ ਕਮਿਸ਼ਨਰ ਖ਼ਿਲਾਫ਼ ਪ੍ਰਸਤਾਵਿਤ ਪ੍ਰਦਰਸ਼ਨ ਨਾਲ ਜੁੜਿਆ ਇੱਕ ਪੋਸਟਰ ਕਰੀਬ 4.48 ਲੱਖ ਫਾਲੋਅਰਜ਼ ਵਾਲੇ ਪੀ. ਐੱਸ. ਈ. ਬੀ. ਦੇ ਵਟਸਐਪ ਚੈਨਲ ਤੋਂ ਸ਼ੇਅਰ ਕੀਤਾ ਗਿਆ ਹੈ। ਇਸ ‘ਤੇ ਸਖ਼ਤ ਪ੍ਰਤੀਕਿਰਿਆ ਦਿੰਦਿਆਂ ਬੋਰਡ ਨੇ ਸਾਫ਼ ਕਰ ਦਿੱਤਾ ਹੈ ਕਿ ਉਨ੍ਹਾਂ ਵੱਲੋਂ ਅਜਿਹਾ ਕੋਈ ਵੀ ਵਟਸਐਪ ਚੈਨਲ ਨਾ ਤਾਂ ਬਣਾਇਆ ਗਿਆ ਹੈ ਅਤੇ ਨਾ ਹੀ ਅਜਿਹੇ ਕਿਸੇ ਪਲੇਟਫਾਰਮ ਨੂੰ ਅਧਿਕਾਰਤ ਸੂਚਨਾਵਾਂ ਸਾਂਝੀਆਂ ਕਰਨ ਲਈ ਅਧਿਕਾਰ ਦਿੱਤਾ ਗਿਆ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਇੱਕ ਕਾਨੂੰਨੀ ਵਿੱਦਿਅਕ ਸੰਸਥਾ ਹੈ, ਜੋ ਸਕੂਲੀ ਸਿੱਖਿਆ, ਪ੍ਰੀਖਿਆਵਾਂ ਅਤੇ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਦੀ ਭਲਾਈ ਲਈ ਕੰਮ ਕਰਦੀ ਹੈ। ਬੋਰਡ ਆਪਣੀ ਹਰ ਅਧਿਕਾਰਤ ਜਾਣਕਾਰੀ ਸਿਰਫ਼ ਆਪਣੇ ਪ੍ਰਮਾਣਿਤ ਪਲੇਟਫਾਰਮਾਂ ਰਾਹੀਂ ਹੀ ਸਾਂਝੀ ਕਰਦਾ ਹੈ ਅਤੇ ਆਪਣੀ ਕਾਰਜਸ਼ੁਧਤਾ ਅਤੇ ਨਿਰਪੱਖਤਾ ਨੂੰ ਬਣਾਈ ਰੱਖਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਬੋਰਡ ਨੇ ਇਸ ਗੱਲ ‘ਤੇ ਡੂੰਘੀ ਚਿੰਤਾ ਪ੍ਰਗਟਾਈ ਹੈ ਕਿ ਬਿਨਾਂ ਕਿਸੇ ਤੱਥ ਦੀ ਪੜਤਾਲ ਕੀਤੇ ਕਿਸੇ ਜਨਤਕ ਸੰਸਥਾ ਬਾਰੇ ਅਜਿਹੀਆਂ ਬੇ-ਬੁਨਿਆਦ ਖ਼ਬਰਾਂ ਪ੍ਰਕਾਸ਼ਿਤ ਕਰ ਦਿੱਤੀਆਂ ਜਾਂਦੀਆਂ ਹਨ। ਇਸ ਨਾਲ ਵਿਦਿਆਰਥੀਆਂ, ਮਾਪਿਆਂ ਅਤੇ ਆਮ ਲੋਕਾਂ ‘ਚ ਬੇਲੋੜੀ ਉਲਝਣ ਪੈਦਾ ਹੁੰਦੀ ਹੈ। ਬੋਰਡ ਨੇ ਮੀਡੀਆ ਅਦਾਰਿਆਂ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕਿਸੇ ਵੀ ਸੂਚਨਾ ਨੂੰ ਪ੍ਰਕਾਸਸ਼ਿਤ ਕਰਨ ਜਾਂ ਬੋਰਡ ਨਾਲ ਜੋੜਨ ਤੋਂ ਪਹਿਲਾਂ ਸਬੰਧਿਤ ਅਧਿਕਾਰੀਆਂ ਤੋਂ ਸੱਚਾਈ ਦੀ ਪੁਸ਼ਟੀ ਜ਼ਰੂਰ ਕਰ ਲਈ ਜਾਵੇ।

