Municipal Corporation action in Amritsar: meat shops sealed and issued warnings
ਅੰਮ੍ਰਿਤਸਰ ‘ਚ ਨਗਰ ਨਿਗਮ ਦੀ ਕਾਰਵਾਈ, ਮੀਟ ਦੀਆਂ ਦੁਕਾਨਾਂ ਸੀਲ ਤੇ ਇਨ੍ਹਾਂ ਨੂੰ ਦਿੱਤੀ ਚਿਤਾਵਨੀ
ਅੰਮ੍ਰਿਤਸਰ (ਆਵਾਜ਼ਿ ਕੌਮ ਬਿਊਰੋ)-ਸ੍ਰੀ ਗੁਰੂ ਰਾਮਦਾਸ ਜੀ ਦੇ ਆਗਾਮੀ ਪਾਵਨ ਗੁਰਪੁਰਬ ਦੀਆਂ ਤਿਆਰੀਆਂ ਤੇ ਪਵਿੱਤਰ ਨਗਰੀ ਸਬੰਧੀ ਸਰਕਾਰੀ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਨਗਰ ਨਿਗਮ ਅੰਮ੍ਰਿਤਸਰ ਵਲੋਂ ਵਾਲਡ ਸਿਟੀ ਖੇਤਰ ’ਚ ਨਾਜਾਇਜ਼ ਤੌਰ ’ਤੇ ਚੱਲ ਰਹੀਆਂ ਮੀਟ ਦੀਆਂ ਦੁਕਾਨਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਗਈ। ਇਸ ਹੇਠ ਸੁਲਤਾਨਵਿੰਡ ਗੇਟ ਨੇੜੇ ਕਾਰਖਾਨਾ ਬਾਜ਼ਾਰ ’ਚ ਕੱਚੇ ਮੀਟ ਦੀਆਂ ਚਾਰ ਦੁਕਾਨਾਂ ਨੂੰ ਸੀਲ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਵਾਲਡ ਸਿਟੀ ਦੇ ਅੰਦਰ ਮੀਟ ਅਤੇ ਤੰਬਾਕੂ ਦਾ ਕਾਰੋਬਾਰ ਕਰਨ ਵਾਲੇ ਦੁਕਾਨਦਾਰਾਂ ਨੂੰ ਆਪਣਾ ਕਾਰੋਬਾਰ ਨਿਰਧਾਰਤ ਖੇਤਰ ਤੋਂ ਬਾਹਰ ਤਬਦੀਲ ਕਰਨ ਦੀ ਸਖ਼ਤ ਚਿਤਾਵਨੀ ਦਿੱਤੀ ਗਈ। ਨਗਰ ਨਿਗਮ ਦੇ ਅਸਟੇਟ ਵਿਭਾਗ ਵਲੋਂ ਇਹ ਕਾਰਵਾਈ ਅਸਟੇਟ ਅਫ਼ਸਰ ਧਰਮਿੰਦਰਜੀਤ ਸਿੰਘ ਦੀ ਅਗਵਾਈ ਹੇਠ ਕੀਤੀ ਗਈ। ਇਸ ਦੌਰਾਨ ਸਲਾਟਰ ਹਾਊਸ ਵਿਭਾਗ ਦੀ ਟੀਮ, ਜਿਸ ਦੀ ਅਗਵਾਈ ਡਾ. ਦਰਸਗਨ ਕਸ਼ਯਪ ਨੇ ਕੀਤੀ, ਅਤੇ ਥਾਣਾ ਬੀ ਡਵੀਜ਼ਨ ਦੇ ਐੱਸ. ਐੱਚ. ਓ. ਸਮੇਤ ਪੁਲਸ ਟੀਮ ਨੇ ਸਹਿਯੋਗ ਦਿੱਤਾ। ਇਹ ਕਾਰਵਾਈ ਸਕੱਤਰ-ਕਮ-ਅਸਟੇਟ ਅਫ਼ਸਰ ਸੁਸ਼ਾਂਤ ਭਾਟੀਆ ਦੀ ਨਿਗਰਾਨੀ ਹੇਠ ਅਤੇ ਨਗਰ ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ, ਆਈ. ਏ. ਐੱਸ., ਤੇ ਵਧੀਕ ਨਗਰ ਨਿਗਮ ਕਮਿਸ਼ਨਰ ਡਾ. ਜੈ ਇੰਦਰ ਸਿੰਘ ਦੇ ਹੁਕਮਾਂ ਅਨੁਸਾਰ ਕੀਤੀ ਗਈ। ਕਾਰਵਾਈ ਦੌਰਾਨ ਸਬੰਧਤ ਦੁਕਾਨਦਾਰਾਂ ਨੇ ਅਦਾਲਤ ਵਲੋਂ ਸਟੇਅ ਆਰਡਰ ਜਾਰੀ ਹੋਣ ਦਾ ਦਾਅਵਾ ਕੀਤਾ, ਪਰ ਉਹ ਮੌਕੇ ’ਤੇ ਇਸ ਸਬੰਧੀ ਕੋਈ ਅਦਾਲਤੀ ਹੁਕਮ ਪੇਸ਼ ਨਹੀਂ ਕਰ ਸਕੇ। ਇਸ ਤੋਂ ਬਾਅਦ ਨਗਰ ਨਿਗਮ ਦੀ ਟੀਮ ਨੇ ਲਾਗੂ ਹਦਾਇਤਾਂ ਅਤੇ ਸਬੰਧਤ ਨਿਯਮਾਂ ਅਨੁਸਾਰ ਕਾਰਵਾਈ ਕਰਦਿਆਂ ਚਾਰ ਦੁਕਾਨਾਂ ਨੂੰ ਸੀਲ ਕਰ ਦਿੱਤਾ। ਨਗਰ ਨਿਗਮ ਅਧਿਕਾਰੀਆਂ ਨੇ ਕਿਹਾ ਕਿ ਵਾਲਡ ਸਿਟੀ ਨੂੰ ਪਵਿੱਤਰ ਨਗਰੀ ਐਲਾਨ ਕਰਨ ਸਬੰਧੀ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਵਾਉਣਾ ਨਿਗਮ ਦੀ ਅਹਿਮ ਤਰਜੀਹ ਹੈ। ਇਤਿਹਾਸਕ ਸ਼ਹਿਰ ਦੀ ਸਫ਼ਾਈ, ਧਾਰਮਿਕ ਮਰਿਆਦਾ ਅਤੇ ਪਵਿੱਤਰ ਵਾਤਾਵਰਣ ਨੂੰ ਕਾਇਮ ਰੱਖਣਾ ਵੀ ਬੇਹੱਦ ਜ਼ਰੂਰੀ ਹੈ, ਖ਼ਾਸ ਕਰਕੇ ਸ੍ਰੀ ਗੁਰੂ ਰਾਮਦਾਸ ਜੀ ਦੇ ਪਾਵਨ ਗੁਰਪੁਰਬ ਤੋਂ ਪਹਿਲਾਂ। ਅਧਿਕਾਰੀਆਂ ਨੇ ਵਾਲਡ ਸਿਟੀ ਦੇ ਅੰਦਰ ਮੀਟ ਅਤੇ ਤੰਬਾਕੂ ਦਾ ਕਾਰੋਬਾਰ ਕਰਨ ਵਾਲੇ ਦੁਕਾਨਦਾਰਾਂ ਨੂੰ ਹਦਾਇਤ ਕੀਤੀ ਕਿ ਉਹ ਸਰਕਾਰੀ ਨਿਯਮਾਂ ਅਨੁਸਾਰ ਆਪਣਾ ਕਾਰੋਬਾਰ ਨਿਰਧਾਰਤ ਖੇਤਰ ਤੋਂ ਬਾਹਰ ਤਬਦੀਲ ਕਰ ਲੈਣ। ਉਨ੍ਹਾਂ ਚਿਤਾਵਨੀ ਦਿੱਤੀ ਕਿ ਹਦਾਇਤਾਂ ਦੀ ਉਲੰਘਣਾ ਜਾਰੀ ਰਹਿਣ ’ਤੇ ਹੋਰ ਸਖ਼ਤ ਕਾਰਵਾਈ ਕੀਤੀ ਜਾ ਸਕਦੀ ਹੈ। ਨਗਰ ਨਿਗਮ ਨੇ ਸਪੱਸ਼ਟ ਕੀਤਾ ਕਿ ਵਾਲਡ ਸਿਟੀ ’ਚ ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ ਵਪਾਰਕ ਸਰਗਰਮੀਆਂ ਖ਼ਿਲਾਫ਼ ਮੁਹਿੰਮ ਆਉਣ ਵਾਲੇ ਦਿਨਾਂ ’ਚ ਵੀ ਜਾਰੀ ਰਹੇਗੀ। ਨਿਗਮ ਨੇ ਵਪਾਰੀਆਂ ਅਤੇ ਸ਼ਹਿਰ ਵਾਸੀਆਂ ਨੂੰ ਪ੍ਰਸ਼ਾਸਨ ਨਾਲ ਸਹਿਯੋਗ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਅੰਮ੍ਰਿਤਸਰ ਦੀ ਇਤਿਹਾਸਕ ਵਿਰਾਸਤ, ਸਫ਼ਾਈ ਅਤੇ ਧਾਰਮਿਕ ਮਰਿਆਦਾ ਨੂੰ ਕਾਇਮ ਰੱਖਣ ਲਈ ਸਾਰਿਆਂ ਦਾ ਸਹਿਯੋਗ ਜ਼ਰੂਰੀ ਹੈ, ਤਾਂ ਜੋ ਗੁਰਪੁਰਬ ਦੀਆਂ ਤਿਆਰੀਆਂ ਸੁਚੱਜੇ ਢੰਗ ਨਾਲ ਨੇਪਰੇ ਚੜ੍ਹ ਸਕਣ।

