Gold worth ₹85.76 lakh found in a passenger’s socks upon arrival from Muscat; commotion at Delhi Airport
ਮਸਕਟ ਤੋਂ ਆਏ ਯਾਤਰੀ ਦੀਆਂ ਜੁਰਾਬਾਂ ‘ਚ 85.76 ਲੱਖ ਦਾ ਸੋਨਾ; ਦਿੱਲੀ ਏਅਰਪੋਰਟ ’ਤੇ ਪਈਆਂ ਭਾਜੜਾਂ
ਨਵੀਂ ਦਿੱਲੀ (ਆਵਾਜ਼ਿ ਕੌਮ ਬਿਊਰੋ)-ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਮਸਕਟ ਤੋਂ ਆਏ ਇਕ ਯਾਤਰੀ ਦੀਆਂ ਜੁਰਾਬਾਂ ਵਿਚ ਲੁਕੋ ਕੇ ਲਿਆਂਦਾ ਗਿਆ 85.76 ਲੱਖ ਰੁਪਏ ਦੀ ਕੀਮਤ ਦਾ 587 ਗ੍ਰਾਮ ਸੋਨਾ ਜ਼ਬਤ ਕੀਤਾ ਗਿਆ। ਇਸ ਸਬੰਧ ਵਿਚ ਮਿਸੇ ਇਕ ਅਧਿਕਾਰਤ ਬਿਆਨ ਅਨੁਸਾਰ ਯਾਤਰੀ ਨੂੰ 10 ਅਕਤੂਬਰ ਨੂੰ ਮਸਕਟ ਤੋਂ ਆਉਣ ਤੋਂ ਬਾਅਦ ਹਵਾਈ ਅੱਡੇ ਦੇ ਟਰਮੀਨਲ-3 ’ਤੇ ਰੋਕਿਆ ਗਿਆ ਸੀ। ਉਹ 9 ਅਕਤੂਬਰ ਨੂੰ ਦੁਬਈ ਤੋਂ ਫਲਾਈਟ ਰਾਹੀਂ ਮਸਕਟ ਪਹੁੰਚਿਆ ਸੀ। ਬਿਆਨ ਵਿਚ ਕਿਹਾ ਗਿਆ ਹੈ ਕਿ ਯਾਤਰੀ ਦੀ ਤਲਾਸ਼ੀ ਲੈਣ ’ਤੇ ਉਸ ਦੀਆਂ ਜੁਰਾਬਾਂ ਵਿਚ ਲੁਕੋ ਕੇ ਰੱਖੀਆਂ 2 ਆਇਤਾਕਾਰ ਥੈਲੀਆਂ ਵਿਚੋਂ ਸੋਨੇ ਦੀ ਪੇਸਟ ਮਿਲੀ। ਕੈਰੇਟੋਮੀਟਰ ਨਾਲ ਜਾਂਚ ਕਰਨ ’ਤੇ ਸੋਨੇ ਦੀ ਸ਼ੁੱਧਤਾ 100 ਫੀਸਦੀ ਪਾਈ ਗਈ। ਇਸ ਨੂੰ ਕਸਟਮ ਐਕਟ, 1962 ਦੀ ਧਾਰਾ 110(1) ਦੇ ਤਹਿਤ ਜ਼ਬਤ ਕੀਤਾ ਗਿਆ ਹੈ। ਬਿਆਨ ਅਨੁਸਾਰ ਯਾਤਰੀ ਨੇ ਦੱਸਿਆ ਕਿ ਉਹ ਸੋਨਾ ਦੁਬਈ ਤੋਂ ਲਿਆਇਆ ਸੀ ਅਤੇ ਕਸਟਮ ਡਿਊਟੀ ਅਤੇ ਟੈਕਸ ਤੋਂ ਬਚਣ ਲਈ ਉਸ ਨੇ ਇਸ ਨੂੰ ਲੁਕਾਇਆ ਸੀ।

