CJP leaders Ashutosh Ranka and Saurabh Das detained; they were waving the Tricolour at Jantar Mantar
CJP ਆਗੂ ਆਸ਼ੂਤੋਸ਼ ਰਾਂਕਾ ਅਤੇ ਸੌਰਭ ਦਾਸ ਹਿਰਾਸਤ ‘ਚ, ਜੰਤਰ-ਮੰਤਰ ‘ਤੇ ਲਹਿਰਾ ਰਹੇ ਸਨ ਤਿਰੰਗਾ
ਨਵੀਂ ਦਿੱਲੀ (ਆਵਾਜ਼ਿ ਕੌਮ ਬਿਊਰੋ)-ਕਾਕਰੋਚ ਜਨਤਾ ਪਾਰਟੀ (ਸੀਜੇਪੀ) ਦੇ ਆਗੂਆਂ ਸੌਰਵ ਦਾਸ ਅਤੇ ਆਸ਼ੂਤੋਸ਼ ਰਾਂਕਾ ਨੂੰ ਦਿੱਲੀ ਪੁਲਸ ਨੇ ਉਸ ਸਮੇਂ ਹਿਰਾਸਤ ‘ਚ ਲੈ ਲਿਆ, ਜਦੋਂ ਉਹ ਜੰਤਰ-ਮੰਤਰ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਸਨ। ਪੁਲਸ ਸੂਤਰਾਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਸੀਜੇਪੀ ਦੇ ਸੰਸਥਾਪਕ ਅਭਿਜੀਤ ਦੀਪਕੇ ਨੇ ‘ਐਕਸ’ ‘ਤੇ ਇਕ ਪੋਸਟ ‘ਚ ਕਿਹਾ ਕਿ ਅਜਿੰਕਿਆ ਸ਼ਿੰਦੇ ਸਮੇਤ ਟੀਮ ਦੇ ਕਈ ਹੋਰ ਮੈਂਬਰਾਂ ਨੂੰ ਵੀ ਹਿਰਾਸਤ ‘ਚ ਲਿਆ ਗਿਆ ਹੈ। ਦੀਪਕੇ ਨੇ ਕਿਹਾ,”ਤਿਰੰਗਾ ਲਏ ਕਾਕਰੋਚ ਅੱਜ ਸਵੇਰੇ ਜੰਤਰ-ਮੰਤਰ ‘ਚ ਦਾਖਲ ਹੋਏ ਅਤੇ ਬਾਅਦ ‘ਚ ਦਿੱਲੀ ਪੁਲਸ ਨੇ ਉਨ੍ਹਾਂ ਨੂੰ ਹਿਰਾਸਤ ‘ਚ ਲੈ ਲਿਆ।” ਉਨ੍ਹਾਂ ਦੱਸਿਆ ਕਿ ਰਾਂਕਾ, ਦਾਸ, ਸ਼ਿੰਦੇ ਅਤੇ ਟੀਮ ਦੇ ਹੋਰ ਮੈਂਬਰਾਂ ਨੂੰ ਹਿਰਾਸਤ ‘ਚ ਲੈ ਲਿਆ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਟੈਗ ਕਰਦੇ ਹੋਏ ਉਨ੍ਹਾਂ ਕਿਹਾ,”ਤੁਸੀਂ ਵਿਰੋਧ ਦੀ ਆਵਾਜ਼ ਨੂੰ ਡੀ-ਨੋਟੀਫਾਈ (ਮਿਟਾ) ਨਹੀਂ ਕਰ ਸਕਦੇ।” ਉਸ ਦਾ ਇਸ਼ਾਰਾ ਜੰਤਰ-ਮੰਤਰ ਨੂੰ ਤੈਅ ਵਿਰੋਧ ਪ੍ਰਦਰਸ਼ਨ ਸਥਾਨਾਂ ਦੀ ਸੂਚੀ ਤੋਂ ਹਟਾਏ ਜਾਣ ਵੱਲ ਸੀ। ਦਿੱਲੀ ਪੁਲਸ ਨੇ ਜੰਤਰ-ਮੰਤਰ ਨੂੰ ਤੈਅ ਵਿਰੋਧ ਸਥਾਨਾਂ ਦੀ ਸੂਚੀ ਤੋਂ ਹਟਾ ਦਿੱਤਾ ਹੈ, ਜਿਸ ਕਾਰਨ ਹੁਣ ਉੱਥੇ ਪ੍ਰਦਰਸ਼ਨ ਨਹੀਂ ਹੋ ਸਕਣਗੇ। ਹਾਲਾਂਕਿ, ਪੁਲਸ ਨੇ ਪ੍ਰਦਰਸ਼ਨਾਂ ਲਈ ਤਿੰਨ ਹੋਰ ਸਥਾਨ ਨਿਰਧਾਰਤ ਕੀਤੇ ਹਨ। ਦੀਪਕ ਨੇ ਇਕ ਵੀਡੀਓ ਵੀ ਸਾਂਝਾ ਕੀਤਾ, ਜਿਸ ‘ਚ ਸੀਜੇਪੀ ਮੈਂਬਰ ਜੰਤਰ-ਮੰਤਰ ‘ਚ ਦਾਖਲ ਹੋਣ ਲਈ ਇਕ ਗੇਟ ਤੋਂ ਛਾਲ ਮਾਰਦੇ ਅਤੇ “ਭਾਰਤ ਮਾਤਾ ਕੀ ਜੈ” ਦੇ ਨਾਅਰੇ ਲਗਾਉਂਦੇ ਦਿਖਾਈ ਦੇ ਰਹੇ ਹਨ। ਪੁਲਸ ਵਾਲੇ ਉਨ੍ਹਾਂ ਨੂੰ ਫੜਨ ਲਈ ਭੱਜਦੇ ਦਿਖਾਈ ਦੇ ਰਹੇ ਹਨ। ਵੋਟਰ ਸੂਚੀ ਦੇ ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐੱਸਆਈਆਰ) ‘ਚ ਕਥਿਤ ਬੇਨਿਯਮੀਆਂ ਨੂੰ ਲੈ ਕੇ ਵੱਖ-ਵੱਖ ਸੰਗਠਨ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਵਿਰੁੱਧ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਇਸ ਦੌਰਾਨ ਸੀਜੇਪੀ ਮੈਂਬਰਾਂ ਨੂੰ ਹਿਰਾਸਤ ‘ਚ ਲੈ ਲਿਆ ਗਿਆ ਹੈ। ਦਿੱਲੀ ਪੁਲਸ ਨੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਸ਼ਹਿਰ ਭਰ ‘ਚ ਵੱਡੀ ਗਿਣਤੀ ‘ਚ ਪੁਲਸ ਕਰਮਚਾਰੀ ਤਾਇਨਾਤ ਕੀਤੇ ਹਨ।

