Russia’s Julie falls in love with Rahul from Bihar; ready to live even in a hut
ਰੂਸ ਦੀ ਜੂਲੀ ਨੂੰ ਹੋਇਆ ਬਿਹਾਰ ਦੇ ਰਾਹੁਲ ਨਾਲ ਪਿਆਰ, ਝੌਂਪੜੀ ‘ਚ ਵੀ ਰਹਿਣ ਨੂੰ ਹੋਈ ਤਿਆਰ
ਭਾਗਲਪੁਰ (ਆਵਾਜ਼ਿ ਕੌਮ ਬਿਊਰੋ)- ਬਿਹਾਰ ਦਾ ਰਾਹੁਲ ਯਾਦਵ ਕੰਮ ਕਰਨ ਲਈ ਰੂਸ ਗਿਆ ਸੀ, ਜਿੱਥੇ ਉਸ ਦੀ ਮੁਲਾਕਾਤ ਜੂਲੀ ਨਾਲ ਹੋਈ। ਇਸ ਦੌਰਾਨ ਦੋਵਾਂ ਨੂੰ ਇਕ-ਦੂਜੇ ਨਾਲ ਪਿਆਰ ਹੋ ਗਿਆ। ਜੂਲੀ ਵਿਆਹ ਕਰਵਾਉਣ ਲਈ ਭਾਰਤ ਆ ਗਈ ਹੈ ਅਤੇ ਰਾਹੁਲ ਨਾਲ ਝੌਂਪੜੀ ਵਾਲੇ ਘਰ ‘ਚ ਵੀ ਰਹਿਣ ਲਈ ਤਿਆਰ ਹੈ। ਭਾਗਲਪੁਰ ਜ਼ਿਲ੍ਹੇ ਦੇ ਰਹਿਣ ਵਾਲੇ ਰਾਹੁਲ ਯਾਦਵ ਅਤੇ ਰੂਸ ਦੀ ਰਹਿਣ ਵਾਲੀ ਜੂਲੀ ਦੀ ਪ੍ਰੇਮੀ ਕਹਾਣੀ ਪੂਰੇ ਇਲਾਕੇ ‘ਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਰਾਹੁਲ ਕੰਮ ਦੇ ਸਿਲਸਿਲੇ ‘ਚ ਰੂਸ ‘ਚ ਗਿਆ ਸੀ, ਉੱਥੇ ਉਸ ਦੀ ਮੁਲਾਕਾਤ ਜੂਲੀ ਨਾਲ ਹੋਈ। ਹੌਲੀ-ਹੌਲੀ ਦੋਵਾਂ ਵਿਚਾਲੇ ਨਜ਼ਦੀਕੀਆਂ ਵਧੀਆਂ, ਗੱਲਬਾਤ ਦਾ ਸਿਲਸਿਲਾ ਪਿਆਰ ‘ਚ ਬਦਲ ਗਿਆ ਅਤੇ ਦੋਵਾਂ ਨੇ ਜ਼ਿੰਦਗੀ ਭਰ ਇਕ-ਦੂਜੇ ਦਾ ਸਾਥ ਨਿਭਾਉਣ ਦਾ ਫੈਸਲਾ ਕਰ ਲਿਆ। ਇਸ ਵਿਚ ਰਾਹੁਲ ਨੂੰ ਘਰ ਵਾਪਸ ਆਉਣਾ ਪਿਆ ਪਰ ਜੂਲੀ ਆਪਣੇ ਰਿਸ਼ਤੇ ਨੂੰ ਮੁਕਾਮ ਤੱਕ ਪਹੁੰਚਾਉਣ ਲਈ ਆਪਣੇ ਪਰਿਵਾਰ ਨਾਲ ਭਾਗਲਪੁਰ ਪਹੁੰਚ ਗਈ। ਇਸ ਦੌਰਾਨ ਜੂਲੀ ਦੇ ਪਰਿਵਾਰ ਨੇ ਰਾਹੁਲ ਯਾਦਵ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ। ਕਿਹਾ ਜਾ ਰਿਹਾ ਹੈ ਕਿ ਦੋਵਾਂ ਪਰਿਵਾਰਾਂ ਵਿਚਾਲੇ ਵਿਆਹ ਦੇ ਰਿਸ਼ਤੇ ‘ਤੇ ਸਹਿਮਤੀ ਵੀ ਬਣ ਗਈ ਹੈ। ਚਰਚਾ ਹੈ ਕਿ ਜੂਲੀ ਅਤੇ ਰਾਹੁਲ ਬਹੁਤ ਜਲਦ ਯਾਨੀ ਇਸੇ ਸਾਲ ਨਵੰਬਰ ਮਹੀਨੇ ਵਿਆਹ ਕਰਵਾਉਣ ਵਾਲੇ ਹਨ। ਪਰਿਵਾਰ ਦੀ ਰਜਾਮੰਦੀ ਅਤੇ ਸਥਾਨਕ ਰੀਤੀ-ਰਿਵਾਜ਼ਾਂ ਵਿਚਾਲੇ ਹੋਣ ਵਾਲੇ ਇਸ ਵਿਆਹ ਨੂੰ ਲੈ ਕੇ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ।

