130 million names removed from voter lists in India! US lawmaker expresses concern
ਭਾਰਤ ‘ਚ ਵੋਟਰ ਸੂਚੀ ‘ਚੋਂ ਹਟਾਏ ਗਏ 13 ਕਰੋੜ ਨਾਂ ! ਅਮਰੀਕੀ ਸੰਸਦ ਮੈਂਬਰ ਨੇ ਜਤਾਈ ਚਿੰਤਾ
ਵਾਸ਼ਿੰਗਟਨ (ਆਵਾਜ਼ਿ ਕੌਮ ਬਿਊਰੋ)-ਭਾਰਤੀ ਮੂਲ ਦੀ ਅਮਰੀਕੀ ਸੰਸਦ ਮੈਂਬਰ ਪ੍ਰਮਿਲਾ ਜੈਪਾਲ ਨੇ ਭਾਰਤ ਵਿਚ ਡਰਾਫਟ ਵੋਟਰ ਸੂਚੀ ਵਿਚੋਂ 13 ਕਰੋੜ ਵੋਟਰਾਂ ਦੇ ਨਾਂ ਹਟਾਉਣ ਦੀਆਂ ਖਬਰਾਂ ‘ਤੇ ਚਿੰਤਾ ਜ਼ਾਹਰ ਕੀਤੀ ਹੈ। ਜੈਪਾਲ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਇੱਕ ਪੋਸਟ ਵਿੱਚ ਕਿਹਾ, “ਮੈਂ ਵੋਟਰ ਸੂਚੀ ਵਿੱਚੋਂ 13 ਕਰੋੜ ਲੋਕਾਂ ਦੇ ਨਾਮ ਹਟਾਉਣ ਲਈ ਭਾਰਤ ਸਰਕਾਰ ਦੁਆਰਾ ਕੀਤੀ ਗਈ ਕਾਰਵਾਈ ਨੂੰ ਲੈ ਕੇ ਬਹੁਤ ਚਿੰਤਤ ਹਾਂ।” ਇਸ ਮੁੱਦੇ ‘ਤੇ ਕਿਸੇ ਅਮਰੀਕੀ ਸਾਂਸਦ ਵਲੋਂ ਕੀਤੀ ਗਈ ਇਹ ਪਹਿਲੀ ਟਿੱਪਣੀ ਹੈ। ਵਾਸ਼ਿੰਗਟਨ ਸੂਬੇ ਤੋਂ ਡੈਮੋਕ੍ਰੈਟਿਕ ਪਾਰਟੀ ਦੀ ਸਾਂਸਦ ਜੈਪਾਲ ਨੇ “ਜਮਹੂਰੀਅਤ ਵਿਰੋਧੀ ਕੋਸ਼ਿਸ਼ਾਂ” ਦਾ ਮੁਕਾਬਲਾ ਕਰਨ ਲਈ ਭਾਰਤ ਵਿੱਚ ਅਹਿੰਸਕ ਪ੍ਰਦਰਸ਼ਨਾਂ ਦਾ ਸਮਰਥਨ ਕੀਤਾ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਹੋ ਰਹੀਆਂ ਘਟਨਾਵਾਂ ਟਰੰਪ ਪ੍ਰਸ਼ਾਸਨ ਵੱਲੋਂ ਲੋਕਤੰਤਰ ਵਿੱਚ ਵੋਟ ਦੇ ਅਧਿਕਾਰ ਨੂੰ ਕਮਜ਼ੋਰ ਕਰਨ ਲਈ ਅਪਣਾਏ ਜਾ ਰਹੇ ਤਰੀਕਿਆਂ ਨਾਲ ਮਿਲਦੀਆਂ ਜੁਲਦੀਆਂ ਹਨ। ਜੈਪਾਲ ਨੇ ਕਿਹਾ ਕਿ ਹਰ ਜਗ੍ਹਾ ਲੋਕਤੰਤਰ ਦੀ ਰੱਖਿਆ ਕਰਨਾ ਬਹੁਤ ਜ਼ਰੂਰੀ ਹੈ ਅਤੇ ਭਾਰਤੀ ਨਾਗਰਿਕਾਂ ਨੂੰ ਵੀ ਅਮਰੀਕੀਆਂ ਵਾਂਗ ਆਜ਼ਾਦ ਅਤੇ ਨਿਰਪੱਖ ਚੋਣਾਂ ਦਾ ਅਧਿਕਾਰ ਹੈ। ਉਨ੍ਹਾਂ ਕਿਹਾ, “ਅਜਿਹੇ ਸਮੇਂ ਵਿੱਚ, ਅਹਿੰਸਕ ਵਿਰੋਧ ਲਹਿਰਾਂ ਬਹੁਤ ਮਹੱਤਵਪੂਰਨ ਹਨ। ਮੈਂ ਭਾਰਤ ਵਿੱਚ ਲੋਕਤੰਤਰ ਵਿਰੋਧੀ ਕੋਸ਼ਿਸ਼ਾਂ ਦਾ ਮੁਕਾਬਲਾ ਕਰਨ ਲਈ ਅਹਿੰਸਕ ਪ੍ਰਦਰਸ਼ਨ ਕਰ ਰਹੇ ਭਾਰਤੀ ਲੋਕਾਂ ਦੇ ਨਾਲ ਖੜ੍ਹੀ ਹਾਂ।” ਭਾਰਤ ਦੇ ਚੋਣ ਕਮਿਸ਼ਨ ਦੁਆਰਾ ਸਾਂਝੇ ਕੀਤੇ ਗਏ ਅੰਕੜਿਆਂ ਦੇ ਅਨੁਸਾਰ 13 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਇੰਟੈਂਸਿਵ ਰੀਵੀਜ਼ਨ (ਐਸਆਈਆਰ) ਦੇ ਪਹਿਲੇ ਅਤੇ ਦੂਜੇ ਪੜਾਅ ਦੌਰਾਨ ਡਰਾਫਟ ਵੋਟਰ ਸੂਚੀਆਂ ਵਿੱਚੋਂ ਲਗਭਗ 7.2 ਕਰੋੜ ਨਾਮ ਹਟਾਏ ਗਏ ਸਨ। SIR ਦੇ ਤੀਜੇ ਪੜਾਅ ਤਹਿਤ 18 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ ਡਰਾਫਟ ਵੋਟਰ ਸੂਚੀਆਂ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ। ਇਸ ਪੜਾਅ ‘ਚ ਹਟਾਏ ਗਏ ਵੋਟਰਾਂ ਦੀ ਗਿਣਤੀ 6.16 ਕਰੋੜ ਹੈ। ਚੋਣ ਕਮਿਸ਼ਨ ਨੇ ਕਿਹਾ ਹੈ ਕਿ ਜੇਕਰ SIR ਪ੍ਰਕਿਰਿਆ ਦੌਰਾਨ ਕਿਸੇ ਯੋਗ ਵੋਟਰ ਦਾ ਨਾਮ ਅਣਜਾਣੇ ਵਿੱਚ ਛੱਡ ਦਿੱਤਾ ਗਿਆ ਹੈ, ਤਾਂ ਉਹ ਦਾਅਵੇ ਅਤੇ ਇਤਰਾਜ਼ ਪ੍ਰਕਿਰਿਆ ਦੇ ਤਹਿਤ ਨਾਮ ਸ਼ਾਮਲ ਕਰਨ ਲਈ ਅਰਜ਼ੀ ਦੇ ਸਕਦਾ ਹੈ। ਇਸ ਤੋਂ ਬਾਅਦ ਉਹ ਫਾਰਮ 6 ਰਾਹੀਂ ਨਾਮ ਸ਼ਾਮਲ ਕਰਨ ਦੀ ਬੇਨਤੀ ਵੀ ਕਰ ਸਕਦਾ ਹੈ।

