Shots fired at a young man in a Scorpio in Amritsar; 25 to 30 rounds were fired
ਅੰਮ੍ਰਿਤਸਰ ‘ਚ ਸਕਾਰਪਿਓ ਸਵਾਰ ਨੌਜਵਾਨ ‘ਤੇ ਚੱਲੀਆਂ ਗੋਲੀਆਂ, 25 ਤੋਂ 30 ਰਾਊਂਡ ਕੀਤੇ ਫਾਇਰ
ਅੰਮ੍ਰਿਤਸਰ (ਆਵਾਜ਼ਿ ਕੌਮ ਬਿਊਰੋ)- ਅੰਮ੍ਰਿਤਸਰ ਦੇ ਝੰਡੇਰ ‘ਚ ਨਵਾਂ ਪਿੰਡ ਨਹਿਰ ਨੇੜੇ ਇਕ ਵੱਡੀ ਵਾਰਦਾਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਕਈ ਗੱਡੀਆਂ ‘ਚ ਸਵਾਰ ਹੋ ਕੇ ਆਏ ਲੋਕਾਂ ਨੇ ਪਹਿਲਾਂ ਸਕਾਰਪੀਓ ਸਵਾਰ ਇਕ ਨੌਜਵਾਨ ਦਾ ਰਸਤਾ ਰੋਕਿਆ ਅਤੇ ਉਸ ਨਾਲ ਕੁੱਟਮਾਰ ਕੀਤੀ ਗਈ । ਇਸ ਤੋਂ ਬਾਅਦ ਜਦੋਂ ਨੌਜਵਾਨ ਨੇ ਉੱਥੋਂ ਬਚ ਕੇ ਨਿਕਲਣ ਲਈ ਗੱਡੀ ਭਜਾਈ ਤਾਂ ਹਮਲਾਵਰਾਂ ਨੇ ਪਿੱਛਿਓਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਕਰੀਬ 25 ਤੋਂ 30 ਰਾਊਂਡ ਫਾਇਰਿੰਗ ਦੌਰਾਨ ਇੱਕ ਗੋਲੀ ਨੌਜਵਾਨ ਦੇ ਲੱਕ ‘ਚ ਜਾ ਲੱਗੀ। ਜ਼ਖ਼ਮੀ ਹੋਣ ਦੇ ਬਾਵਜੂਦ ਨੌਜਵਾਨ ਖ਼ੁਦ ਗੱਡੀ ਚਲਾ ਕੇ ਘਰ ਪਹੁੰਚ ਗਿਆ। ਇਸ ਤੋਂ ਬਾਅਦ ਪਰਿਵਾਰਕ ਮੈਂਬਰ ਉਸ ਨੂੰ ਇਲਾਜ ਲਈ ਅੰਮ੍ਰਿਤਸਰ ਦੇ ਹਸਪਤਾਲ ਲੈ ਗਏ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਇਸ ਦੌਰਾਨ ਪਰਿਵਾਰਕ ਮੈਂਬਰ ਨੇ ਪੁਲਸ ਨੂੰ ਇਸ ਵਾਰਦਾਤ ਦੀ ਸੂਚਨਾ ਦਿੱਤੀ। ਮੌਕੇ ‘ਤੇ ਪਹੁੰਚੀ ਪੁਲਸ ਨੂੰ ਨੌਜਵਾਨ ਨੇ ਦੱਸਿਆ ਕਿ ਹੈਪੀ ਮਾਹਲ, ਮੰਨਾ, ਰਾਜਕਰਨ, ਗੁਰਜੀਤ ਸਿੰਘ ਖਹਿਰਾ, ਕਰਮ ਸਿੰਘ ਤੇ ਉਨ੍ਹਾਂ ਦੇ 10 ਤੋਂ 12 ਸਾਥੀਆਂ ਨੇ ਉਸ ਨਾਲ ਕੁੱਟਮਾਰ ਕੀਤੀ ਹੈ। ਥਾਣਾ ਝੰਡੇਰ ਦੀ ਪੁਲਸ ਨੇ ਇਸ ਮਾਮਲੇ ‘ਚ ਕੇਸ ਦਰਜ ਕਰ ਲਿਆ ਹੈ। ਸ਼ਿਕਾਇਤ ਦੇ ਆਧਾਰ ’ਤੇ ਹੈਪੀ ਮਾਹਲ, ਮੰਨਾ, ਰਾਜਕਰਨ, ਗੁਰਜੀਤ ਸਿੰਘ ਖਹਿਰਾ, ਕਰਮ ਸਿੰਘ ਅਤੇ 10 ਤੋਂ 12 ਅਣਪਛਾਤੇ ਵਿਅਕਤੀਆਂ ਨੂੰ ਨਾਮਜ਼ਦ ਕਰ ਕੇ ਭਾਲ ਸ਼ੁਰੂ ਕਰ ਦਿੱਤੀ ਗਈ ਹੈ।

