Area shaken by sound of gunfire in Mamdot; grocery businessman’s home targeted
ਮਮਦੋਟ ’ਚ ਗੋਲੀਆਂ ਦੀ ਗੂੰਜ ਨਾਲ ਕੰਬਿਆ ਇਲਾਕਾ, ਕਰਿਆਨਾ ਕਾਰੋਬਾਰੀ ਦੇ ਘਰ ਨੂੰ ਬਣਾਇਆ ਨਿਸ਼ਾਨਾ
ਮਮਦੋਟ (ਆਵਾਜ਼ਿ ਕੌਮ ਬਿਊਰੋ)-ਪੰਜਾਬ ‘ਚ ਅਮਨ-ਕਾਨੂੰਨ ਦੀ ਸਥਿਤੀ ਨੂੰ ਲੈ ਕੇ ਇਕ ਵਾਰ ਫਿਰ ਸਵਾਲ ਖੜ੍ਹੇ ਹੋ ਗਏ ਹਨ। ਕਸਬਾ ਮਮਦੋਟ ’ਚ ਬੀਤੀ ਦੇਰ ਰਾਤ ਕੁੱਝ ਮੋਟਰਸਾਈਕਲ ਸਵਾਰਾਂ ਵੱਲੋਂ ਇਕ ਕਰਿਆਨਾ ਕਾਰੋਬਾਰੀ ਦੇ ਘਰ ਦੇ ਬਾਹਰ ਗੋਲੀਆਂ ਚਲਾਉਣ ਦੀ ਘਟਨਾ ਸਾਹਮਣੇ ਆਈ ਹੈ। ਇਸ ਘਟਨਾ ’ਚ ਘਰ ਦੇ ਦਰਵਾਜ਼ੇ ਨੂੰ ਪਾਰ ਕਰਦੀਆਂ ਗੋਲੀਆਂ ਅੰਦਰ ਖੜ੍ਹੀ ਕਾਰ ‘ਚ ਜਾ ਲੱਗੀਆਂ। ਘਟਨਾ ਸਮੇਂ ਪਰਿਵਾਰ ਘਰ ਅੰਦਰ ਸੁੱਤਾ ਹੋਇਆ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਮਮਦੋਟ ਦੇ ਕਰਿਆਨਾ ਸਟੋਰ ਦੇ ਮਾਲਕ ਮੁਨੀਸ਼ ਚੋਪੜਾ ਨੂੰ ਕੁੱਝ ਦਿਨ ਪਹਿਲਾਂ ਵਿਦੇਸ਼ੀ ਫੋਨ ਨੰਬਰਾਂ ਤੋਂ ਲੱਖਾਂ ਰੁਪਏ ਦੀ ਫ਼ਿਰੌਤੀ ਮੰਗਣ ਸਬੰਧੀ ਕਾਲਾਂ ਆਈਆਂ ਸਨ। ਕਥਿਤ ਤੌਰ ’ਤੇ ਫ਼ਿਰੌਤੀ ਦੀ ਰਕਮ ਦੇਣ ਲਈ 20 ਦਿਨਾਂ ਦਾ ਸਮਾਂ ਦਿੱਤਾ ਗਿਆ ਸੀ। ਇਸ ਮਾਮਲੇ ਸਬੰਧੀ ਪੀੜਤ ਵੱਲੋਂ ਜ਼ਿਲ੍ਹਾ ਪੁਲਸ ਕੋਲ ਦਰਖ਼ਾਸਤ ਵੀ ਦਿੱਤੀ ਗਈ ਸੀ, ਜਿਸ ਤੋਂ ਬਾਅਦ ਸੁਰੱਖਿਆ ਦੇ ਮੱਦੇਨਜ਼ਰ ਇਕ ਸਰਕਾਰੀ ਗੰਨਮੈਨ ਤਾਇਨਾਤ ਕੀਤਾ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਕੁੱਝ ਦਿਨ ਪਹਿਲਾਂ ਇਹ ਗੰਨਮੈਨ ਵਾਪਸ ਬੁਲਾ ਲਿਆ ਗਿਆ ਸੀ। ਜਾਣਕਾਰੀ ਮੁਤਾਬਕ ਬੀਤੀ ਰਾਤ ਕਰੀਬ 10:38 ’ਤੇ ਜਦੋਂ ਪਰਿਵਾਰ ਆਪਣੇ ਘਰ ਵਿਚ ਸੁੱਤਾ ਹੋਇਆ ਸੀ ਤਾਂ ਕੁੱਝ ਮੋਟਰਸਾਈਕਲ ਸਵਾਰਾਂ ਨੇ ਘਰ ਦੇ ਬਾਹਰਲੇ ਦਰਵਾਜ਼ੇ ’ਤੇ ਪੰਜ ਫਾਇਰ ਕੀਤੇ। ਗੋਲੀਆਂ ਦਰਵਾਜ਼ੇ ਨੂੰ ਪਾਰ ਕਰਦੀਆਂ ਹੋਈਆਂ ਘਰ ਦੇ ਅੰਦਰ ਖੜ੍ਹੀ ਕਾਰ ਵਿਚ ਜਾ ਲੱਗੀਆਂ। ਘਟਨਾ ਤੋਂ ਬਾਅਦ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀ. ਐੱਸ. ਪੀ. ਫਿਰੋਜ਼ਪੁਰ ਦਿਹਾਤੀ ਕਰਨ ਸ਼ਰਮਾ ਅਤੇ ਥਾਣਾ ਮਮਦੋਟ ਦੇ ਮੁਖੀ ਹਰਕੀਰਤ ਸਿੰਘ ਸਮਾਧ ਪੁਲਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਪੁਲਸ ਵੱਲੋਂ ਘਟਨਾ ਸਥਾਨ ਤੋਂ ਗੋਲੀਆਂ ਦੇ ਖਾਲੀ ਖੋਲ ਵੀ ਬਰਾਮਦ ਕੀਤੇ ਗਏ ਹਨ। ਪੁਲਸ ਵੱਲੋਂ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਦੀ ਪਛਾਣ ਕਰਨ ਲਈ ਆਸ-ਪਾਸ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਘਟਨਾ ਨੇ ਇਲਾਕੇ ’ਚ ਲੋਕਾਂ ਦੀ ਸੁਰੱਖਿਆ ਅਤੇ ਫਿਰੌਤੀ ਦੀਆਂ ਧਮਕੀਆਂ ਨਾਲ ਨਜਿੱਠਣ ਲਈ ਕੀਤੇ ਜਾ ਰਹੇ ਪ੍ਰਬੰਧਾਂ ਬਾਰੇ ਚਿੰਤਾ ਵਧਾ ਦਿੱਤੀ ਹੈ।

