Families lead the way in adopting daughters; over 1,000 girls find a home in 11 years
ਧੀਆਂ ਨੂੰ ਗੋਦ ਲੈਣ ’ਚ ਅੱਗੇ ਰਹੇ ਪਰਿਵਾਰ, 11 ਸਾਲਾਂ ’ਚ 1000 ਤੋਂ ਵੱਧ ਕੁੜੀਆਂ ਨੂੰ ਮਿਲਿਆ ਆਸ਼ਿਆਨਾ
ਨਵੀਂ ਦਿੱਲੀ (ਆਵਾਜ਼ਿ ਕੌਮ ਬਿਊਰੋ)- ਦਿੱਲੀ ਵਿਚ ਪਿਛਲੇ 11 ਸਾਲਾਂ ਦੌਰਾਨ ਲੜਕਿਆਂ ਦੇ ਮੁਕਾਬਲੇ ਵੱਧ ਕੁੜੀਆਂ ਨੂੰ ਗੋਦ ਲੈ ਕੇ ਪਰਿਵਾਰਾਂ ਨੇ ਨਵਾਂ ਆਸ਼ਿਆਨਾ ਦਿੱਤਾ ਹੈ। ਸਾਲ 2015-16 ਤੋਂ 2025-26 ਤੱਕ ਰਾਜਧਾਨੀ ਵਿਚ 1,000 ਤੋਂ ਵੱਧ ਕੁੜੀਆਂ ਅਤੇ ਲੱਗਭਗ 760 ਲੜਕਿਆਂ ਨੂੰ ਨਵੇਂ ਪਰਿਵਾਰ ਮਿਲੇ। ਇਸ ਦੌਰਾਨ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਗੋਦ ਲੈਣ ਦੀ ਦਿਸ਼ਾ ਵਿਚ ਵੀ ਹਾਂਪੱਖੀ ਪਹਿਲ ਦੇਖਣ ਨੂੰ ਮਿਲੀ। ਸਾਲ 2025-26 ਵਿਚ ਅਜਿਹੇ 6 ਬੱਚਿਆਂ ਨੂੰ ਪਰਿਵਾਰ ਮਿਲੇ, ਜਿਨ੍ਹਾਂ ’ਚੋਂ ਦੋ ਨੂੰ ਦੇਸ਼ ਅਤੇ ਚਾਰ ਨੂੰ ਵਿਦੇਸ਼ ਵਿਚ ਰਹਿਣ ਵਾਲੇ ਪਰਿਵਾਰਾਂ ਨੇ ਅਪਣਾਇਆ। ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਅਨੁਸਾਰ, ਸਾਲ 2015-16 ਵਿਚ ਦਿੱਲੀ ਵਿਚ ਸਭ ਤੋਂ ਵੱਧ 178 ਬੱਚਿਆਂ ਨੂੰ ਗੋਦ ਲਿਆ ਗਿਆ। ਇਹ ਬੀਤੇ 11 ਸਾਲਾਂ ’ਚ ਕਿਸੇ ਇਕ ਵਿੱਤੀ ਸਾਲ ਦਾ ਸਭ ਤੋਂ ਵੱਡਾ ਅੰਕੜਾ ਰਿਹਾ। ਇਸ ਤੋਂ ਬਾਅਦ ਗੋਦ ਲੈਣ ਦੇ ਮਾਮਲਿਆਂ ਵਿਚ ਉਤਰਾਅ-ਚੜ੍ਹਾਅ ਨਾਲ ਗਿਰਾਵਟ ਦਰਜ ਕੀਤੀ ਗਈ ਅਤੇ ਸਾਲ 2021-22 ਵਿਚ ਇਹ ਗਿਣਤੀ ਘੱਟ ਕੇ 87 ਰਹਿ ਗਈ, ਜੋ ਇਸ ਸਮੇਂ ਦਾ ਸਭ ਤੋਂ ਹੇਠਲਾ ਪੱਧਰ ਸੀ। ਹਾਲਾਂਕਿ, ਬਾਅਦ ਦੇ ਸਾਲਾਂ ਵਿਚ ਬੱਚਿਆਂ ਨੂੰ ਪਰਿਵਾਰ ਦਿਵਾਉਣ ਦੇ ਯਤਨ ਜਾਰੀ ਰਹੇ। ਅਧਿਕਾਰੀ ਨੇ ਦੱਸਿਆ ਕਿ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਗੋਦ ਦਿਵਾਉਣਾ ਵਿਭਾਗ ਲਈ ਇਕ ਮਹੱਤਵਪੂਰਨ ਚੁਣੌਤੀ ਰਿਹਾ ਹੈ। ਅਜਿਹੇ ਬੱਚਿਆਂ ਨੂੰ ਸਰੀਰਕ, ਮਾਨਸਿਕ, ਬੌਧਿਕ ਜਾਂ ਵਿਕਾਸ ਸਬੰਧੀ ਜ਼ਰੂਰਤਾਂ ਕਾਰਨ ਵਾਧੂ ਦੇਖਭਾਲ, ਸਹਾਇਤਾ ਅਤੇ ਡਾਕਟਰੀ ਧਿਆਨ ਦੀ ਲੋੜ ਹੋ ਸਕਦੀ ਹੈ। ਵਿਭਾਗ ਨੇ ਇਨ੍ਹਾਂ ਬੱਚਿਆਂ ਦੇ ਹੁਨਰ ਵਿਕਾਸ ਦੇ ਨਾਲ-ਨਾਲ ਸੰਭਾਵੀ ਮਾਤਾ-ਪਿਤਾ ਨੂੰ ਉਨ੍ਹਾਂ ਦੀਆਂ ਲੋੜਾਂ ਪ੍ਰਤੀ ਜਾਗਰੂਕ ਕਰਨ ’ਤੇ ਜ਼ੋਰ ਦਿੱਤਾ। ਇਸ ਦਾ ਨਤੀਜਾ ਇਹ ਰਿਹਾ ਕਿ ਸਾਲ 2025-26 ਵਿਚ ਛੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਪਰਿਵਾਰ ਮਿਲ ਸਕੇ। ਵਿਭਾਗ ਦੇ ਅੰਕੜਿਆਂ ਅਨੁਸਾਰ, ਸਾਲ 2015-16 ਵਿਚ 178 ਬੱਚਿਆਂ ’ਚੋਂ 92 ਨੂੰ ਦੇਸ਼ ਦੇ ਅੰਦਰ ਅਤੇ 86 ਨੂੰ ਵਿਦੇਸ਼ ਵਿਚ ਰਹਿਣ ਵਾਲੇ ਪਰਿਵਾਰਾਂ ਨੇ ਗੋਦ ਲਿਆ। ਦੇਸ਼ ਵਿਚ ਗੋਦ ਲਏ ਗਏ ਬੱਚਿਆਂ ਵਿਚ 55 ਕੁੜੀਆਂ ਅਤੇ 37 ਲੜਕੇ ਸਨ, ਜਦਕਿ ਵਿਦੇਸ਼ ਵਿਚ 57 ਕੁੜੀਆਂ ਅਤੇ 29 ਲੜਕਿਆਂ ਨੂੰ ਪਰਿਵਾਰ ਮਿਲਿਆ। ਸਾਲ 2016-17 ਵਿਚ ਕੁੱਲ 168 ਅਤੇ 2017-18 ਵਿਚ 121 ਬੱਚਿਆਂ ਨੂੰ ਗੋਦ ਲਿਆ ਗਿਆ। ਸਾਲ 2018-19 ਵਿਚ ਇਹ ਗਿਣਤੀ 153 ਰਹੀ। ਇਨ੍ਹਾਂ ਵਿਚ ਦੇਸ਼ ’ਚ 78 ਕੁੜੀਆਂ ਅਤੇ 42 ਲੜਕੇ, ਜਦਕਿ ਵਿਦੇਸ਼ ਵਿਚ 25 ਕੁੜੀਆਂ ਅਤੇ 8 ਲੜਕੇ ਗੋਦ ਲਏ ਗਏ। ਸਾਲ 2019-20 ’ਚ ਕੁੱਲ 124 ਬੱਚਿਆਂ ਨੂੰ ਪਰਿਵਾਰ ਮਿਲਿਆ। ਇਨ੍ਹਾਂ ਵਿਚ 62 ਕੁੜੀਆਂ ਅਤੇ 39 ਲੜਕੇ ਦੇਸ਼ ਵਿਚ ਅਤੇ 14 ਕੁੜੀਆਂ ਤੇ 9 ਲੜਕੇ ਵਿਦੇਸ਼ ਵਿਚ ਗੋਦ ਲਏ ਗਏ। ਸਾਲ 2020-21 ਵਿਚ 102 ਬੱਚਿਆਂ ਨੂੰ ਗੋਦ ਲਿਆ ਗਿਆ। ਇਨ੍ਹਾਂ ਵਿਚ ਦੇਸ਼ ਵਿੱਚ 45 ਕੁੜੀਆਂ ਅਤੇ 39 ਲੜਕੇ ਅਤੇ ਵਿਦੇਸ਼ ਵਿਚ 7 ਕੁੜੀਆਂ ਤੇ 11 ਲੜਕੇ ਸ਼ਾਮਲ ਸਨ। ਅੰਕੜੇ ਦੱਸਦੇ ਹਨ ਕਿ ਦਿੱਲੀ ਵਿਚ ਬੱਚਿਆਂ ਨੂੰ ਪਰਿਵਾਰ ਦਿਵਾਉਣ ਦੀ ਪ੍ਰਕਿਰਿਆ ਵਿਚ ਦੇਸ਼ ਦੇ ਨਾਲ-ਨਾਲ ਵਿਦੇਸ਼ ’ਚ ਰਹਿਣ ਵਾਲੇ ਪਰਿਵਾਰਾਂ ਦੀ ਵੀ ਭਾਗੀਦਾਰੀ ਰਹੀ ਹੈ।

