Female student pulls a prank on Ahmedabad-Hyderabad flight, causing a major stir
ਅਹਿਮਦਾਬਾਦ-ਹੈਦਰਾਬਾਦ ਫਲਾਇਟ ’ਚ ਵਿਦਿਆਰਥਣ ਨੇ ਕੀਤੀ ਅਜਿਹੀ ਸ਼ਰਾਰਤ, ਪੁਆ ‘ਤੀਆਂ ਭਾਜੜਾਂ
ਹੈਦਰਾਬਾਦ (ਆਵਾਜ਼ਿ ਕੌਮ ਬਿਊਰੋ)-ਅਹਿਮਦਾਬਾਦ ਤੋਂ ਹੈਦਰਾਬਾਦ ਜਾ ਰਹੀ ਉਡਾਣ ’ਚ 12 ਸਾਲ ਦੀ ਵਿਦਿਆਰਥਣ ਵੱਲੋਂ ਬੰਬ ਰੱਖੇ ਹੋਣ ਦੀ ਗੱਲ ਕਹੇ ਜਾਣ ਪਿੱਛੋਂ ਇੱਥੇ ਰਾਜੀਵ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਸੁਰੱਖਿਆ ਅਲਰਟ ਜਾਰੀ ਕੀਤਾ ਗਿਆ। ਹਾਲਾਂਕਿ, ਬਾਅਦ ’ਚ ਇਹ ਪਤਾ ਲੱਗਿਆ ਕਿ ਵਿਦਿਆਰਥਣ ਨੇ ਸ਼ਰਾਰਤ ਅਧੀਨ ਬਿਨਾਂ ਸੋਚੇ-ਸਮਝੇ ਇਹ ਗੱਲ ਕਹੀ ਸੀ। ਅਧਿਕਾਰੀਆਂ ਨੇ ਐਤਵਾਰ ਦੱਸਿਆ ਕਿ ਸੱਤਵੀਂ ਜਮਾਤ ਦੀ ਵਿਦਿਆਰਥਣ ਸ਼ਨੀਵਾਰ ਹੋਰ ਵਿਦਿਆਰਥੀਆਂ ਅਤੇ ਅਧਿਆਪਕਾਂ ਨਾਲ ਸਕੂਲ ਦੀ ਟ੍ਰਿਪ ਤੋਂ ਹੈਦਰਾਬਾਦ ਵਾਪਸ ਆ ਰਹੀ ਸੀ। ਉਸ ਨੇ ਇਕ ਸਹਿਪਾਠੀ ਨੂੰ ਦੱਸਿਆ ਕਿ ਜਹਾਜ਼ ’ਚ ਬੰਬ ਹੈ। ਇਕ ਪੁਲਸ ਅਧਿਕਾਰੀ ਨੇ ਕਿਹਾ ਕਿ ਇਹ ਸੁਣ ਕੇ ਅਮਲੇ ਦੇ ਇਕ ਮੈਂਬਰ ਨੇ ਪਾਇਲਟ ਨੂੰ ਸੂਚਿਤ ਕੀਤਾ। ਹੈਦਰਾਬਾਦ ’ਚ ਉਤਰਨ ਤੋਂ ਬਾਅਦ ਸੁਰੱਖਿਆ ਪ੍ਰੋਟੋਕੋਲ ਅਨੁਸਾਰ ਜਹਾਜ਼ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਗਈ ਪਰ ਕੋਈ ਸ਼ੱਕੀ ਚੀਜ਼ ਨਹੀਂ ਮਿਲੀ। ਅਧਿਕਾਰੀ ਨੇ ਕਿਹਾ ਕਿ ਕਿਉਂਕਿ ਵਿਦਿਆਰਥਣ ਨਾਬਾਲਗ ਹੈ, ਇਸ ਲਈ ਕੋਈ ਮਾਮਲਾ ਦਰਜ ਨਹੀਂ ਕੀਤਾ ਗਿਆ। ਉਸ ਦੇ ਅਧਿਆਪਕਾਂ ਨੇ ਉਸ ਨੂੰ ਸਮਝਾ ਦਿੱਤਾ ਹੈ। ਉਸ ਨੇ ਬਿਨਾਂ ਸੋਚੇ-ਸਮਝੇ ਬੰਬ ਹੋਣ ਦੀ ਗੱਲ ਕਹੀ ਸੀ। ਉਸ ਦਾ ਧਮਕੀ ਦੇਣ ਦਾ ਕੋਈ ਇਰਾਦਾ ਨਹੀਂ ਸੀ।

