The portals of Gangotri Dham will close on November 10
ਗੰਗੋਤਰੀ ਧਾਮ ਦੇ ਕਿਵਾੜ 10 ਨਵੰਬਰ ਨੂੰ ਹੋਣਗੇ ਬੰਦ
ਉੱਤਰਕਾਸ਼ੀ (ਆਵਾਜ਼ਿ ਕੌਮ ਬਿਊਰੋ)- ਉੱਤਰਾਖੰਡ ਦੇ ਉੱਤਰਕਾਸ਼ੀ ਜ਼ਿਲੇ ਵਿਚ ਸਥਿਤ ਵਿਸ਼ਵ ਪ੍ਰਸਿੱਧ ਗੰਗੋਤਰੀ ਧਾਮ ਦੇ ਕਿਵਾੜ ਸਰਦੀਆਂ ਦੇ ਮੌਸਮ ਲਈ 10 ਨਵੰਬਰ ਨੂੰ ਦੁਪਹਿਰ 12:05 ਵਜੇ ਬੰਦ ਕਰ ਦਿੱਤੇ ਜਾਣਗੇ। ਗੰਗੋਤਰੀ ਮੰਦਰ ਕਮੇਟੀ ਦੇ ਪ੍ਰਧਾਨ ਧਰਮਾਨੰਦ ਸੇਮਵਾਲ ਨੇ ਦੱਸਿਆ ਕਿ ਕਮੇਟੀ ਦੇ ਅਹੁਦੇਦਾਰਾਂ ਨੇ ਧਾਰਮਿਕ ਰਵਾਇਤਾਂ ਅਨੁਸਾਰ ਮਹਾਨੌਮੀ ਦੇ ਤਿਉਹਾਰ ’ਤੇ ਮੰਦਰ ਦੇ ਕਿਵਾੜ ਬੰਦ ਕੀਤੇ ਜਾਣ ਦੇ ਸਮੇਂ ਦਾ ਸ਼ੁੱਭ ਮਹੂਰਤ ਕੱਢਿਆ ਹੈ। ਉਨ੍ਹਾਂ ਦੱਸਿਆ ਕਿ 10 ਨਵੰਬਰ ਨੂੰ ਅੰਨਕੂਟ ਦੇ ਤਿਉਹਾਰ ’ਤੇ ਦੁਪਹਿਰ 12:05 ਵਜੇ ਗੰਗੋਤਰੀ ਧਾਮ ਦੇ ਕਿਵਾੜ ਸਰਦ ਰੁੱਤ ਲਈ ਬੰਦ ਕਰ ਦਿੱਤੇ ਜਾਣਗੇ। ਸੇਮਵਾਲ ਨੇ ਦੱਸਿਆ ਕਿ ਕਿਵਾੜ ਬੰਦ ਹੋਣ ਤੋਂ ਬਾਅਦ ਮਾਂ ਗੰਗਾ ਦੀ ਉਤਸਵ ਡੋਲੀ ਰਵਾਇਤੀ ਯਾਤਰਾ ਨਾਲ ਮੁਖਬਾ ਸਥਿਤ ਗੰਗਾ ਮੰਦਰ ਲਈ ਰਵਾਨਾ ਹੋਵੇਗੀ, ਜਿੱਥੇ ਸਰਦੀਆਂ ਦੌਰਾਨ ਸ਼ਰਧਾਲੂ ਉਸ ਦੇ ਦਰਸ਼ਨ ਕਰ ਸਕਣਗੇ। ਮਾਂ ਗੰਗਾ ਨੂੰ ਸਮਰਪਿਤ ਗੰਗੋਤਰੀ ਮੰਦਰ ਦੇ ਕਿਵਾੜ ਹਰ ਸਾਲ ਦੀਵਾਲੀ ਤੋਂ ਬਾਅਦ ਅੰਨਕੂਟ ਦੇ ਤਿਉਹਾਰ ’ਤੇ ਬੰਦ ਕੀਤੇ ਜਾਂਦੇ ਹਨ।

