Use of AI systems in warfare to increase! Indian Navy working on development across all sectors
ਜੰਗ ‘ਚ ਵਧੇਗੀ AI ਸਿਸਟਮ ਦੀ ਵਰਤੋਂ ! ਸਾਰੇ ਖੇਤਰਾਂ ‘ਚ ਵਿਕਾਸ ‘ਤੇ ਕੰਮ ਕਰ ਰਹੀ Indian Navy
ਨਵੀਂ ਦਿੱਲੀ (ਆਵਾਜ਼ਿ ਕੌਮ ਬਿਊਰੋ)- ਸਮੁੰਦਰੀ ਫੌਜ ਦੇ ਉਪ ਮੁਖੀ ਵਾਈਸ ਐਡਮਿਰਲ ਅਜੇ ਕੋਚਰ ਨੇ ਕਿਹਾ ਹੈ ਕਿ ਸਮੁੰਦਰੀ ਫੌਜ ਇਕ ਮਲਟੀ-ਡੋਮੇਨ ਨੈੱਟਵਰਕ ਫੋਰਸ ਬਣਨ ਲਈ ਹਵਾ ਤੇ ਪਾਣੀ ਦੇ ਅੰਦਰ ਤੋਂ ਲੈ ਕੇ ਏ.ਆਈ. ਅਤੇ ਕੁਆਂਟਮ ਤਕਨਾਲੋਜੀ ਤੱਕ ਸਾਰੇ ਖੇਤਰਾਂ ’ਚ ਵਿਕਾਸ ’ਤੇ ਕੰਮ ਕਰ ਰਹੀ ਹੈ। ਸੋਮਵਾਰ ਇੱਥੇ ਇਕ ਪ੍ਰੈੱਸ ਕਾਨਫਰੰਸ ’ਚ ਉਨ੍ਹਾਂ ਕਿਹਾ ਕਿ ਨਾ ਸਿਰਫ਼ ਨਵੀਆਂ ਤਕਨੋਲੋਜੀਆਂ ਨੂੰ ਅਪਣਾਉਣ ਲਈ ਸਗੋਂ ਸੰਚਾਲਨ ਸਮਰੱਥਾਵਾਂ ਨੂੰ ਵਧਾਉਣ ਲਈ ਵੀ ਯਤਨ ਕੀਤੇ ਜਾ ਰਹੇ ਹਨ। ਪੱਛਮੀ ਏਸ਼ੀਆ ਦੀ ਮੌਜੂਦਾ ਸਥਿਤੀ ਅਤੇ ਉੱਭਰ ਰਹੇ ਟਕਰਾਅ ਦਰਮਿਆਨ ਸਮੁੰਦਰੀ ਹਿੱਤਾਂ ਦੀ ਰੱਖਿਆ ’ਚ ਨੇਵੀ ਦੀ ਭੂਮਿਕਾ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਚੱਲ ਰਹੇ ਸੰਕਟਾਂ ਨੇ ਸਾਨੂੰ ਸੋਚ ਤੇ ਤਾਇਨਾਤੀ ਦੋਵਾਂ ਪੱਧਰਾਂ ’ਤੇ ਰੁਝੇਵੇਂ ’ਚ ਰੱਖਿਆ ਹੈ। ਉਨ੍ਹਾਂ ਨੇਵੀ ਦੀ ‘ਆਪਰੇਸ਼ਨ ਐਨਰਜੀ ਸਕਿਓਰਿਟੀ’ ਦਾ ਵੀ ਜ਼ਿਕਰ ਕੀਤਾ, ਜਿਸ ਨੇ ਅਹਿਮ ਸਮੁੰਦਰੀ ਰਸਤਿਆਂ ’ਤੇ ਹਮਲਿਆਂ ਦਰਮਿਅਾਨ ਬਹੁਤ ਸਾਰੇ ਜਹਾਜ਼ਾਂ ਨੂੰ ਸੁਰੱਖਿਅਤ ਢੰਗ ਨਾਲ ਭਾਰਤੀ ਕਿਨਾਰਿਆਂ ਤੱਕ ਪਹੁੰਚਾਉਣ ’ਚ ਮਦਦ ਕੀਤੀ ਹੈ। ਤਕਨੋਲੋਜੀ ਅਪਣਾਉਣ ਦੇ ਮਾਮਲੇ ’ਚ ਤਾਜ਼ਾ ਟਕਰਾਅ ਤੋਂ ਸਿੱਖੇ ਗਏ ਸਬਕ ਬਾਰੇ ਇਕ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਇਨ੍ਹਾਂ ਟਕਰਾਵਾਂ ਨੇ ਅਜਿਹੀਆਂ ਤਬਦੀਲੀਆਂ ਲਿਆਂਦੀਆਂ ਹਨ ਜਿਨ੍ਹਾਂ ਨੂੰ ਫੌਜ ਨੂੰ ਅਪਣਾਉਣਾ ਚਾਹੀਦਾ ਹੈ, ਜਿਵੇਂ ਕਿ ਜੰਗ ’ਚ ਖੁੱਦ-ਮੁਖਤਾਰ ਸਿਸਟਮ ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ। ਜੇ ਅਸੀਂ ਭਵਿੱਖ ਵੱਲ ਵੇਖੀਏ ਤਾਂ ਇਸ ’ਚ ਐਂਟੀ-ਯੂ. ਏ. ਐੱਸ. (ਮਨੁੱਖ ਰਹਿਤ ਜਹਾਜ਼ ਪ੍ਰਣਾਲੀ) ਅਤੇ ਕੁਆਂਟਮ ਤਕਨਾਲੋਜੀ ਦੀ ਵਰਤੋਂ ਵੀ ਸ਼ਾਮਲ ਹੈ। ਇਹ ਇਕ ਅਜਿਹਾ ਖੇਤਰ ਹੈ ਜੋ ਬਹੁਤ ਜਲਦੀ ਉਭਰੇਗਾ। ਅਸੀਂ ਇਨ੍ਹਾਂ ਸਾਰੀਆਂ ਚੀਜ਼ਾਂ ਤੋਂ ਪੂਰੀ ਤਰ੍ਹਾਂ ਜਾਣੂ ਹਾਂ।

