Dussehra is not being celebrated in Mansa; shops and markets remain deserted
ਮਾਨਸਾ ‘ਚ ਨਹੀਂ ਮਨਾਇਆ ਜਾ ਰਿਹਾ ਦੁਸਹਿਰਾ, ਦੁਕਾਨਾਂ ਅਤੇ ਬਜ਼ਾਰਾਂ ‘ਚ ਛਾਇਆ ਸੰਨਾਟਾ
ਮਾਨਸਾ (ਆਵਾਜ਼ਿ ਕੌਮ ਬਿਊਰੋ)-ਪਰਵਿੰਦਰ ਸਿੰਘ ਝੋਟਾ ਕਤਲਕਾਂਡ ਦੇ ਰੋਸ ਅਤੇ ਦੁੱਖ਼ ਦੇ ਚੱਲਦਿਆਂ ਇਸ ਵਾਰ ਮਾਨਸਾ ‘ਚ ਦੁਸਹਿਰੇ ਦਾ ਤਿਉਹਾਰ ਨਹੀਂ ਮਨਾਇਆ ਜਾ ਰਿਹਾ। ਦੁਸਹਿਰਾ ਕਮੇਟੀ ਅਤੇ ਰਾਮ ਲੀਲਾ ਕਮੇਟੀਆਂ ਪਹਿਲਾਂ ਹੀ ਮਾਨਸਾ ‘ਚ ਡਰੱਗ ਟਾਸਕ ਫੋਰਸ ਦੇ ਕਾਰਕੁੰਨ ਪਰਵਿੰਦਰ ਸਿੰਘ ਝੋਟਾ ਦਾ ਮੈਡੀਕਲ ਸਟੋਰ ਦੇ ਮਾਲਕ ਅਸ਼ਵਨੀ ਕੁਮਾਰ ਵਲੋਂ ਗੋਲੀਆਂ ਮਾਰ ਕੇ ਕਤਲ ਕਰ ਦੇਣ ਦੀ ਘਟਨਾ ਨੂੰ ਲੈ ਕੇ ਦੁਸਹਿਰੇ ਦਾ ਤਿਉਹਾਰ ਨਾ ਮਨਾਉਣ ਦਾ ਐਲਾਨ ਕਰ ਚੁੱਕੀਆਂ ਹਨ, ਜਦੋਂ ਕਿ ਘਟਨਾ ਦੇ ਅਗਲੇ ਦਿਨ 14 ਅਕਤੂਬਰ ਤੋਂ ਬਾਅਦ ਸ਼ਹਿਰ ‘ਚ ਰਾਮ ਲੀਲਾਵਾਂ ਦਾ ਆਯੋਜਨ ਬੰਦ ਕਰ ਦਿੱਤਾ ਗਿਆ ਸੀ। ਦੁਸਹਿਰੇ ਦੇ ਤਿਉਹਾਰ ‘ਤੇ ਮਾਨਸਾ ‘ਚ ਬਾਜ਼ਾਰਾਂ ‘ਚ ਰੌਣਕਾਂ ਨਜ਼ਰ ਨਹੀਂ ਆਈਆਂ। ਬਾਜ਼ਾਰ ਸੁੰਨੇ-ਸੁੰਨੇ ਨਜ਼ਰ ਆਏ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਉਕਤ ਘਟਨਾ ਕਰਕੇ ਮਾਨਸਾ ‘ਚ ਤਿਉਹਾਰਾਂ ਦੇ ਦਿਨ ਬਾਜ਼ਾਰ ਖ਼ਾਲੀ ਹਨ ਅਤੇ ਲੋਕ ਨਹੀਂ ਆ ਰਹੇ। ਦੁਕਾਨਦਾਰ ਰਵੀ ਰਾਜ, ਰਾਜੀਵ ਕੁਮਾਰ ਤੇ ਵਰਿੰਦਰ ਪਹਿਲਵਾਨ, ਰਾਧਾ ਰਮਨ ਬੱਬੂ ਦਾ ਕਹਿਣਾ ਹੈ ਕਿ ਮਾਨਸਾ ‘ਚ ਉਕਤ ਘਟਨਾ ਦੇ ਰੋਸ ਨੂੰ ਲ਼ੈ ਕੇ ਤਿਕੌਣੀ ਚੌਂਕ ‘ਚ ਚੱਲ ਰਹੇ ਧਰਨੇ ਕਰਕੇ ਸਾਰੇ ਰਾਹ ਰਸਤੇ ਬੰਦ ਹੋਏ ਪਏ ਹਨ। ਇਸ ਕਾਰਨ ਬਾਹਰੋਂ ਪਿੰਡਾਂ ਆਦਿ ਤੋਂ ਆਉਂਣ ਵਾਲੇ ਲੋਕ ਬਾਜ਼ਾਰ ਨਹੀਂ ਆ ਰਹੇ। ਉਨ੍ਹਾਂ ਕਿਹਾ ਕਿ ਮਾਨਸਾ ‘ਚ ਪਹਿਲਾਂ ਅੱਜ ਦੇ ਦਿਨ ਬਾਜ਼ਾਰਾਂ ‘ਚ ਤਿਲ ਸੁੱਟਣ ਦੀ ਥਾਂ ਨਹੀਂ ਹੁੰਦੀ ਸੀ, ਪਰ ਇਸ ਵਾਰ ਪੂਰੀ ਤਰ੍ਹਾਂ ਸੰਨਾਟਾ ਅਤੇ ਸੁੰਨਸਾਨ ਛਾਈ ਹੋਈ ਹੈ।

