Major restrictions imposed at Amritsar Airport; legal action will be taken for any violations
ਅੰਮ੍ਰਿਤਸਰ ਏਅਰਪੋਰਟ ‘ਤੇ ਲੱਗੀਆਂ ਵੱਡੀਆਂ ਪਾਬੰਦੀਆਂ, ਉਲੰਘਣਾ ਕਰਨ ‘ਤੇ ਹੋਵੇਗੀ ਕਾਨੂੰਨੀ ਕਾਰਵਾਈ
ਅੰਮ੍ਰਿਤਸਰ (ਆਵਾਜ਼ਿ ਕੌਮ ਬਿਊਰੋ)- ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਨੇੜੇ ਪੁਲਸ ਕਮਿਸ਼ਨਰੇਟ ਵੱਲੋਂ ਡਰੋਨ ਉਡਾਉਣ ‘ਤੇ ਮੁਕੰਮਲ ਪਾਬੰਦੀ ਲਗਾ ਦਿੱਤੀ ਗਈ ਹੈ। ਪੁਲਸ ਕਮਿਸ਼ਨਰ ਹਰਮਨਬੀਰ ਸਿੰਘ ਗਿੱਲ ਵੱਲੋਂ ਜਾਰੀ ਇਹ ਹੁਕਮ 20 ਅਕਤੂਬਰ 2026 ਤੋਂ ਲਾਗੂ ਹੋ ਗਏ ਹਨ। ਹੁਕਮਾਂ ‘ਚ ਕਿਹਾ ਗਿਆ ਹੈ ਕਿ ਰਿਮੋਟ ਕੰਟਰੋਲ ਨਾਲ ਚੱਲਣ ਵਾਲੇ ਮਾਈਕ੍ਰੋਲਾਈਟ ਜਹਾਜ਼, ਪੈਰਾਗਲਾਈਡਰ ਤੇ ਪੈਰਾ-ਮੋਟਰ, ਹੈਂਡ ਗਲਾਈਡਰ ਅਤੇ ਗਰਮ ਹਵਾ ਵਾਲੇ ਗੁੱਬਾਰਿਆਂ (ਹੌਟ ਏਅਰ ਬੈਲੂਨ) ਦੀ ਉਡਾਣ ‘ਤੇ ਪਾਬੰਦੀ ਰਹੇਗੀ। ਪੁਲਸ ਅਨੁਸਾਰ ਹਵਾਈ ਅੱਡੇ ਦੀ ਸੁਰੱਖਿਆ ਅਤੀ ਮਹੱਤਵਪੂਰਨ ਹੈ। ਇਹ ਕਦਮ ਹਵਾਈ ਅੱਡੇ ਦੇ ਆਸ-ਪਾਸ ਸੁਰੱਖਿਆ ਵਿਵਸਥਾ ਨੂੰ ਮਜ਼ਬੂਤ ਰੱਖਣ ਅਤੇ ਕਿਸੇ ਵੀ ਸੰਭਾਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਚੁੱਕਿਆ ਗਿਆ ਹੈ । ਪੁਲਸ ਕਮਿਸ਼ਨਰੇਟ ਨੇ ਸਪੱਸ਼ਟ ਕੀਤਾ ਹੈ ਕਿ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਭਾਰਤੀ ਨਿਆਇ ਸੰਹਿਤਾ (BNS), 2023 ਦੀ ਧਾਰਾ 223 ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪੁਲਸ ਨੇ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਉਹ ਹਵਾਈ ਅੱਡੇ ਅਤੇ ਆਮ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਬਿਨਾਂ ਮਨਜ਼ੂਰੀ ਕਿਸੇ ਵੀ ਤਰ੍ਹਾਂ ਦਾ ਉੱਡਣ ਵਾਲਾ ਯੰਤਰ ਨਾ ਉਡਾਉਣ ਅਤੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ।

