Government bus employees on strike in Punjab; passengers facing hardship
ਪੰਜਾਬ ‘ਚ ਹੜਤਾਲ ‘ਤੇ ਸਰਕਾਰੀ ਬੱਸਾਂ ਦੇ ਮੁਲਾਜ਼ਮ, ਖੱਜਲ-ਖੁਆਰ ਹੋ ਰਹੇ ਯਾਤਰੀ
ਜਲੰਧਰ (ਆਵਾਜ਼ਿ ਕੌਮ ਬਿਊਰੋ)-ਪੰਜਾਬ ਭਰ ‘ਚ ਪੀ. ਆਰ. ਟੀ. ਸੀ. ਤੇ ਪਨਬੱਸ ਦੇ ਕੱਚੇ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਅਣਮਿੱਥੇ ਸਮੇਂ ਦੀ ਹੜਤਾਲ ਸ਼ੁਰੂ ਕਰ ਦਿੱਤੀ ਹੈ। ਇਸ ਹੜਤਾਲ ਦਾ ਅਸਰ ਜਲੰਧਰ ‘ਚ ਸਰਕਾਰੀ ਬੱਸ ਸੇਵਾ ‘ਤੇ ਵੇਖਣ ਨੂੰ ਮਿਲ ਰਿਹਾ ਹੈ। ਜਲੰਧਰ ਡਿਪੂ-1 ਅਤੇ ਡਿਪੂ-2 ਦੇ ਕਰੀਬ 300 ਮੁਲਾਜ਼ਮ ਹੜਤਾਲ ‘ਤੇ ਹਨ, ਜਿਸ ਕਾਰਨ ਬੱਸਾਂ ਦਾ ਸੰਚਾਲਨ ਪ੍ਰਭਾਵਿਤ ਹੋਇਆ ਹੈ। ਸਰਕਾਰੀ ਬੱਸਾਂ ਦੇ ਸਮੇਂ ਸਿਰ ਨਾ ਚੱਲਣ ਕਾਰਨ ਰੋਜ਼ਾਨਾ ਇਨ੍ਹਾਂ ਬੱਸਾਂ ‘ਚ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੱਸ ਸਟੈਂਡ ‘ਤੇ ਪਹੁੰਚੇ ਕਈ ਯਾਤਰੀਆਂ ਨੂੰ ਆਪਣੀ ਮੰਜ਼ਿਲ ਤੱਕ ਜਾਣ ਲਈ ਸਰਕਾਰੀ ਬੱਸਾਂ ਦਾ 1 ਤੋਂ 2 ਘੰਟੇ ਤੱਕ ਇੰਤਜ਼ਾਰ ਕਰਨਾ ਪਿਆ। ਯਾਤਰੀਆਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਪਹਿਲਾਂ ਤੋਂ ਹੜਤਾਲ ਦੀ ਜਾਣਕਾਰੀ ਨਹੀਂ ਸੀ। ਉਹ ਰੋਜ਼ਾਨਾ ਵਾਂਗ ਬੱਸ ਫੜਨ ਲਈ ਬੱਸ ਸਟੈਂਡ ਪਹੁੰਚੇ ਸਨ ਪਰ ਬੱਸਾਂ ਸਮੇਂ ਸਿਰ ਨਾ ਮਿਲਣ ਕਾਰਨ ਉਨ੍ਹਾਂ ਨੂੰ ਪਰੇਸ਼ਾਨੀ ਝੱਲਣੀ ਪਈ। ਬੱਸ ਸਟੈਂਡ ‘ਤੇ ਮੌਜੂਦ ਯਾਤਰੀਆਂ ਨੇ ਦੱਸਿਆ ਕਿ ਸਰਕਾਰੀ ਬੱਸਾਂ ਆਮ ਲੋਕਾਂ ਲਈ ਸਫ਼ਰ ਦਾ ਇਕ ਅਹਿਮ ਸਾਧਨ ਹਨ। ਕਈ ਲੋਕ ਰੋਜ਼ਾਨਾ ਕੰਮਕਾਜ, ਨੌਕਰੀ ਅਤੇ ਹੋਰ ਜ਼ਰੂਰੀ ਕੰਮਾਂ ਲਈ ਇਨ੍ਹਾਂ ਬੱਸਾਂ ‘ਤੇ ਨਿਰਭਰ ਰਹਿੰਦੇ ਹਨ। ਅਜਿਹੇ ‘ਚ ਬੱਸ ਸੇਵਾ ਪ੍ਰਭਾਵਿਤ ਹੋਣ ਨਾਲ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਯਾਤਰੀਆਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਮੁਲਾਜ਼ਮਾਂ ਦੀਆਂ ਮੰਗਾਂ ਅਤੇ ਹੜਤਾਲ ਨਾਲ ਜੁੜੀ ਸਮੱਸਿਆ ਦਾ ਜਲਦ ਹੱਲ ਕੀਤਾ ਜਾਵੇ ਤਾਂ ਜੋ ਸਰਕਾਰੀ ਬੱਸ ਸੇਵਾ ਆਮ ਵਾਂਗ ਹੋ ਸਕੇ ਅਤੇ ਲੋਕਾਂ ਨੂੰ ਇਸ ਪਰੇਸ਼ਾਨੀ ਤੋਂ ਰਾਹਤ ਮਿਲ ਸਕੇ।

