All of Europe gripped by protests! Following France, tensions have flared up in countries including Italy and Spain as well
ਪ੍ਰਦਰਸ਼ਨਾਂ ਦੀ ਚਪੇਟ ‘ਚ ਆਇਆ ਪੂਰਾ ਯੂਰਪ ! ਫਰਾਂਸ ਮਗਰੋਂ ਇਟਲੀ, ਸਪੇਨ ਸਣੇ ਇਨ੍ਹਾਂ ਦੇਸ਼ਾਂ ‘ਚ ਵੀ ਭਖ਼ਿਆ ਮਾਹੌਲ
Paris, (ਆਵਾਜ਼ਿ ਕੌਮ ਬਿਊਰੋ)-ਫਰਾਂਸ ਤੋਂ ਵਧਦੀ ਮਹਿੰਗਾਈ, ਘਟਦੀ ਆਮਦਨ, ਪੈਨਸ਼ਨ ਕਟੌਤੀ, ਰਿਹਾਇਸ਼ੀ ਸੰਕਟ, ਸਿੱਖਿਆ ਪ੍ਰਣਾਲੀ ਅਤੇ ਭ੍ਰਿਸ਼ਟਾਚਾਰ ਦੇ ਵਿਰੋਧ ‘ਚ ਸ਼ੁਰੂ ਹੋਏ ਪ੍ਰਦਰਸ਼ਨ ਹੁਣ ਪੂਰੇ ਯੂਰਪ ਨੂੰ ਆਪਣੀ ਚਪੇਟ ‘ਚ ਲੈ ਚੁੱਕੇ ਹਨ। ਫਰਾਂਸ ਮਗਰੋਂ ਅਲਬਾਨੀਆ, ਇਟਲੀ, ਸਪੇਨ ਅਤੇ ਪੁਰਤਗਾਲ ਦੇ ਵੱਡੇ ਸ਼ਹਿਰਾਂ ‘ਚ ਵੀ ਲੱਖਾਂ ਲੋਕ ਸੜਕਾਂ ‘ਤੇ ਉਤਰ ਆਏ ਹਨ, ਜਿੱਥੇ ਪ੍ਰਦਰਸ਼ਨਕਾਰੀਆਂ ਅਤੇ ਪੁਲਸ ਵਿਚਾਲੇ ਹਿੰਸਕ ਝੜਪਾਂ ਅਤੇ ਅੱਥਰੂ ਗੈਸ ਦੀ ਵਰਤੋਂ ਕੀਤੇ ਜਾਣ ਦੀ ਵੀ ਜਾਣਕਾਰੀ ਮਿਲੀ ਹੈ। ਫਰਾਂਸ ਦੇ ਗ੍ਰਹਿ ਮੰਤਰੀ ਲੌਰੈਂਟ ਨੂਨੇਜ਼ ਅਨੁਸਾਰ ਸ਼ਨੀਵਾਰ ਨੂੰ ਦੇਸ਼ ਭਰ ਵਿੱਚ 4 ਲੱਖ 10 ਹਜ਼ਾਰ ਤੋਂ 8 ਲੱਖ ਤੱਕ ਪ੍ਰਦਰਸ਼ਨਕਾਰੀ ਸੜਕਾਂ ‘ਤੇ ਉਤਰੇ। ਪੈਰਿਸ ‘ਚ ਹਿੰਸਕ ਝੜਪਾਂ ਤੋਂ ਬਾਅਦ ਪੁਲਸ ਨੇ ਵਾਟਰ ਕੈਨਨ ਅਤੇ ਅੱਥਰੂ ਗੈਸ ਦੇ ਗੋਲੇ ਦਾਗੇ ਅਤੇ 1,000 ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ। ਇਨ੍ਹਾਂ ਪ੍ਰਦਰਸ਼ਨਾਂ ‘ਚ ਖੱਬੇਪੱਖੀ ਆਗੂ ਜੀਨ-ਲੂਕ ਮੇਲੇਨਚੋਨ ਨੇ ਪੁਲਸ ਕਾਰਵਾਈ ਦੀ ਨਿੰਦਾ ਕਰਦਿਆਂ ਪ੍ਰਸ਼ਾਸਨ ‘ਤੇ ਸ਼ਾਂਤਮਈ ਅੰਦੋਲਨ ਨੂੰ ਬਦਨਾਮ ਕਰਨ ਦਾ ਦੋਸ਼ ਲਗਾਇਆ। ਉੱਥੇ ਹੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫੋਰਡ ਦੀ ਰੈਲੀ ‘ਚ ਬੋਲਦਿਆਂ ਕਿਹਾ ਕਿ “ਓਪਨ ਬਾਰਡਰ ਨੀਤੀਆਂ ਕਾਰਨ ਫਰਾਂਸ ਅੱਜ ਪ੍ਰਦਰਸ਼ਨਾਂ ਦੀ ਅੱਗ ‘ਚ ਸੜ ਰਿਹਾ ਹੈ ਅਤੇ ਅਮਰੀਕਾ ਅਜਿਹੇ ਲੋਕਾਂ ਨੂੰ ਆਪਣੇ ਦੇਸ਼ ‘ਚ ਕਦੇ ਨਹੀਂ ਆਉਣ ਦੇਵੇਗਾ। ਅਲਬਾਨੀਆ ਦੀ ਰਾਜਧਾਨੀ ਤਿਰਾਨਾ ‘ਚ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਦੌਰਾਨ ਸਰਕਾਰੀ ਇਮਾਰਤਾਂ ‘ਤੇ ਹਮਲੇ ਕੀਤੇ ਜਾਣ ਦੀ ਜਾਣਕਾਰੀ ਮਿਲੀ ਹੈ। ਪੁਲਸ ਨਾਲ ਹੋਈਆਂ ਝੜਪਾਂ ‘ਚ 300 ਤੋਂ ਵੱਧ ਪ੍ਰਦਰਸ਼ਨਕਾਰੀ ਅਤੇ ਪੁਲਸ ਮੁਲਾਜ਼ਮ ਜ਼ਖਮੀ ਹੋਏ ਹਨ। ਇਸੇ ਤਰ੍ਹਾਂ ਇਟਲੀ ਦੇ ਰੋਮ, ਮਿਲਾਨ, ਨੇਪਲਜ਼ ਅਤੇ ਤੂਰਿਨ ਸਮੇਤ 8 ਸ਼ਹਿਰਾਂ ‘ਚ ਹਿੰਸਕ ਪ੍ਰਦਰਸ਼ਨ ਹੋਏ ਹਨ, ਜਿੱਥੇ ਪੁਲਸ ਨੇ 9 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ 371 ਲੋਕਾਂ ਨੂੰ ਹਿਰਾਸਤ ‘ਚ ਲਿਆ, ਜਿਨ੍ਹਾਂ ‘ਚ 110 ਨਾਬਾਲਗ ਸ਼ਾਮਲ ਹਨ। ਇਟਲੀ ਦੀ ਪ੍ਰਧਾਨ ਮੰਤਰੀ ਜੋਰਜੀਆ ਮੇਲੋਨੀ ਨੇ ਪ੍ਰਦਰਸ਼ਨਾਂ ਦੌਰਾਨ ਸ਼ਾਂਤੀ ਬਣਾਏ ਰੱਖਣ ਲਈ ਪੁਲਸ ਬਲਾਂ ਦਾ ਧੰਨਵਾਦ ਕੀਤਾ। ਸਪੇਨ ‘ਚ ਲੋਕਾਂ ਨੇ ਪੈਨਸ਼ਨਾਂ ਨੂੰ ਮਹਿੰਗਾਈ ਦਰ ਨਾਲ ਜੋੜਨ, ਘੱਟੋ-ਘੱਟ ਪੈਨਸ਼ਨ ਵਧਾਉਣ ਅਤੇ ਪੈਨਸ਼ਨ ਸਿਸਟਮ ਦੇ ਪ੍ਰਾਈਵੇਟਾਈਜ਼ੇਸ਼ਨ ਖ਼ਿਲਾਫ਼ ਰੋਸ ਮਾਰਚ ਕੱਢਿਆ ਤੇ ਪੁਰਤਗਾਲ ‘ਚ ਵਧਦੀਆਂ ਕਿਰਾਏ ਦੀਆਂ ਦਰਾਂ ਅਤੇ ਮਹਿੰਗੇ ਮਕਾਨਾਂ ਖ਼ਿਲਾਫ਼ ਨੌਜਵਾਨਾਂ ਨੇ ਵਿਸ਼ਾਲ ਪ੍ਰਦਰਸ਼ਨ ਕੀਤੇ।

