Explosion in vehicle loaded with gelatin sticks; 7 people, including a female teacher, killed
ਜੈਲੇਟਿਨ ਦੀਆਂ ਛੜਾਂ ਨਾਲ ਭਰੇ ਵਾਹਨ ‘ਚ ਧਮਾਕਾ, ਅਧਿਆਪਕਾ ਸਣੇ 7 ਲੋਕਾਂ ਦੀ ਮੌਤ
ਪਾਡੇਰੂ (ਆਵਾਜ਼ਿ ਕੌਮ ਬਿਊਰੋ)- ਆਂਧਰਾ ਪ੍ਰਦੇਸ਼ ਦੇ ਅੱਲੂਰੀ ਸੀਤਾਰਾਮ ਰਾਜੂ ਜ਼ਿਲ੍ਹੇ ਦੇ ਪੀ.ਸੀ. ਮਾਮਿਡੀ ਪਿੰਡ ਵਿੱਚ ਇੱਕ ਨਿਰਮਾਣ ਅਧੀਨ ਘਾਟ ਰੋਡ ‘ਤੇ ਜੈਲੇਟਿਨ ਦੀਆਂ ਛੜਾਂ ਨਾਲ ਭਰੇ ਵਾਹਨ ਵਿੱਚ ਹੋਏ ਭਿਆਨਕ ਧਮਾਕੇ ਕਾਰਨ ਇੱਕ ਔਰਤ ਅਧਿਆਪਕਾ ਸਮੇਤ ਸੱਤ ਲੋਕਾਂ ਦੀ ਮੌਤ ਹੋ ਗਈ। ਧਮਾਕਾ ਇੰਨਾ ਜ਼ੋਰਦਾਰ ਸੀ ਕਿ ਪੰਜ ਮ੍ਰਿਤਕਾਂ ਦੇ ਸ਼ਰੀਰ ਦੇ ਅੰਗ ਦੂਰ-ਦੂਰ ਤੱਕ ਜਾ ਡਿੱਗੇ ਅਤੇ ਵਾਹਨ ਦੇ ਪਰਖੱਚੇ ਉੱਡ ਗਏ। ਪੁਲਸ ਅਨੁਸਾਰ ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਸੜਕ ਨਿਰਮਾਣ ਲਈ ਪਹਾੜੀ ਨੂੰ ਉਡਾਉਣ ਵਾਸਤੇ ਜੈਲੇਟਿਨ ਦੀਆਂ ਛੜਾਂ ਲੈ ਕੇ ਜਾ ਰਹੇ ਵਾਹਨ ਵਿੱਚ ਡੀਜ਼ਲ ਭਰਿਆ ਜਾ ਰਿਹਾ ਸੀ। ਇਸੇ ਦੌਰਾਨ ਅਚਾਨਕ ਅੱਗ ਲੱਗ ਗਈ ਅਤੇ ਵਾਹਨ ਇੱਕ ਜ਼ੋਰਦਾਰ ਧਮਾਕੇ ਨਾਲ ਲਪਟਾਂ ਦੀ ਲਪੇਟ ਵਿੱਚ ਆ ਗਿਆ। ਹਾਦਸੇ ਵਿੱਚ ਜਾਨ ਗੁਆਉਣ ਵਾਲਿਆਂ ਵਿੱਚ ਸਰਕਾਰੀ ਸਕੂਲ ਦੀ ਅਧਿਆਪਕਾ ਸੁਨੀਤਾ, ਵਾਹਨ ਚਾਲਕ ਪ੍ਰਵੀਨ, ਨਿਰਮਾਣ ਮਜ਼ਦੂਰ ਨਾਰਾਇਣ ਰਾਓ, ਪਵਨ ਕੁਮਾਰ, ਮਣੀ, ਹੈਲਪਰ ਨਾਸਿਰੁੱਦੀਨ ਤੇ ਟਿੰਕੂ ਸ਼ਾਮਲ ਹਨ। ਆਂਧਰਾ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਕੇ. ਪਵਨ ਕਲਿਆਣ ਨੇ ਇਸ ਹਾਦਸੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਪੀੜਤ ਪਰਿਵਾਰਾਂ ਨਾਲ ਹਮਦਰਦੀ ਜ਼ਾਹਰ ਕਰਦਿਆਂ ਘਟਨਾ ਦੀ ਵਿਆਪਕ ਜਾਂਚ ਦੇ ਆਦੇਸ਼ ਦਿੱਤੇ ਹਨ ਅਤੇ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ। ਗ੍ਰਹਿ ਮੰਤਰੀ ਵੀ. ਅਨੀਤਾ ਨੇ ਜ਼ਿਲ੍ਹਾ ਕਲੈਕਟਰ ਅਤੇ ਐੱਸ.ਪੀ. ਨਾਲ ਗੱਲਬਾਤ ਕਰਕੇ ਪੀੜਤ ਪਰਿਵਾਰਾਂ ਨੂੰ ਜ਼ਰੂਰੀ ਸਹਾਇਤਾ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ। ਸਾਬਕਾ ਮੁੱਖ ਮੰਤਰੀ ਅਤੇ ਵਾਈ.ਐੱਸ.ਆਰ.ਸੀ.ਪੀ. (YSRCP) ਦੇ ਪ੍ਰਧਾਨ ਵਾਈ. ਐੱਸ. ਜਗਨ ਮੋਹਨ ਰੈੱਡੀ ਨੇ ਵੀ ਇਸ ਦੁਖਾਂਤ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਰੋਜ਼ੀ-ਰੋਟੀ ਦੀ ਭਾਲ ਵਿੱਚ ਆਏ ਛੇ ਮਜ਼ਦੂਰਾਂ ਅਤੇ ਡਿਊਟੀ ‘ਤੇ ਤਾਇਨਾਤ ਅਧਿਆਪਕਾ ਸੁਨੀਤਾ ਦੀ ਅਚਾਨਕ ਮੌਤ ਬਹੁਤ ਦੁਖਦਾਈ ਹੈ। ਉਨ੍ਹਾਂ ਧਮਾਕੇ ਦੇ ਕਾਰਨਾਂ ਦੀ ਜਾਂਚ ਦੀ ਮੰਗ ਕਰਦਿਆਂ ਸਰਕਾਰ ਤੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਉਚਿਤ ਵਿੱਤੀ ਮੁਆਵਜ਼ਾ ਦੇਣ ਦੀ ਅਪੀਲ ਕੀਤੀ ਹੈ।

