The sacred birth anniversary (Prakash Purab) of Sri Guru Ramdas Sahib Ji was celebrated with devotion at Gurdwara Sri Guru Singh Sabha, Jalandhar Cantt
ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਜਲੰਧਰ ਛਾਉਣੀ ਵਿਖੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਪਾਵਨ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ
ਜਲੰਧਰ ਛਾਉਣੀ (ਆਵਾਜ਼ਿ ਕੌਮ ਬਿਊਰੋ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਜਲੰਧਰ ਛਾਉਣੀ ਵਿਖੇ ਆਪਾਰ ਬਖਸ਼ਿਸ਼ਾਂ ਦੇ ਮਾਲਕ ਚੌਥੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਪਾਵਨ ਪ੍ਰਕਾਸ਼ ਪੁਰਬ 24 ਅਕਤੂਬਰ ਤੋਂ 27 ਅਕਤੂਬਰ 2026 ਤੱਕ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਚਾਰ ਰੋਜ਼ਾ ਸਮਾਗਮਾਂ ਦੌਰਾਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਦੇ ਪ੍ਰਸਿੱਧ ਰਾਗੀ ਜੱਥਿਆਂ ਨੇ ਹਾਜ਼ਰੀ ਭਰੀ। ਭਾਈ ਗੁਰਪ੍ਰੀਤ ਸਿੰਘ ਖਾਲਸਾ, ਭਾਈ ਦਵਿੰਦਰ ਸਿੰਘ, ਭਾਈ ਭੁਪਿੰਦਰ ਸਿੰਘ ਅਤੇ ਭਾਈ ਗੁਰਨਾਮ ਸਿੰਘ ਬੈਂਕਾ ਨੇ ਵੱਖ-ਵੱਖ ਦਿਨਾਂ ‘ਚ ਕੀਰਤਨ ਦੀ ਸੇਵਾ ਨਿਭਾਈ। ਗੁਰੂ ਘਰ ਦੇ ਹਜ਼ੂਰੀ ਜੱਥੇ ਭਾਈ ਹਰਜੀਤ ਸਿੰਘ ਜੀ ਨੇ ਰੋਜ਼ਾਨਾ ਹਾਜ਼ਰੀ ਭਰੀ। ਗੁਰਪੁਰਬ ਮੌਕੇ 25 ਤਾਰੀਖ ਤੋਂ ਦੋ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਏ, ਜਿਨ੍ਹਾਂ ਦੀ ਸਮਾਪਤੀ ਪ੍ਰਕਾਸ਼ ਪੁਰਬ ਵਾਲੇ ਦਿਨ ਭੋਗ ਪਾ ਕੇ ਕੀਤੀ ਗਈ। ਸਵੇਰ ਦੇ ਦੀਵਾਨ ਦੁਪਹਿਰ 12 ਵਜੇ ਤੱਕ ਚੱਲੇ ਅਤੇ ਸ਼ਾਮ ਦੇ ਦੀਵਾਨਾਂ ਵਿੱਚ ਉੱਘੇ ਪੰਥਕ ਵਿਦਵਾਨ ਸ. ਭਗਵਾਨ ਸਿੰਘ ਜੌਹਲ ਜੀ ਨੇ ਉਚੇਚੀ ਸ਼ਿਰਕਤ ਕੀਤੀ। ਉਨ੍ਹਾਂ ਨੇ ਸੰਗਤਾਂ ਨਾਲ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਜੀਵਨ, ਉਨ੍ਹਾਂ ਦੀਆਂ ਸੇਵਾਵਾਂ ਅਤੇ ਸਿੱਖਿਆਵਾਂ ਬਾਰੇ ਸਾਂਝ ਪਾਈ। ਆਖਰੀ ਦਿਨ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸ੍ਰੀ ਦੀਪਕ ਬਾਲੀ ਜੀ ਨੇ ਵੀ ਸੰਗਤ ਵਿੱਚ ਹਾਜ਼ਰੀ ਭਰੀ। ਇਨ੍ਹਾਂ ਸਾਰੇ ਸਮਾਗਮਾਂ ਵਿੱਚ ਜਲੰਧਰ ਛਾਉਣੀ ਦੀਆਂ ਸਮੂਹ ਸੰਗਤਾਂ ਨੇ ਪੂਰੇ ਉਤਸ਼ਾਹ ਅਤੇ ਭਾਵਨਾ ਨਾਲ ਸੇਵਾਵਾਂ ਕੀਤੀਆਂ।

