The disrespect shown towards Sikh Kakkars (articles of faith) and turbans by the Punjab Police in Mansa is a highly shameful act — Jathedar Giani Kuldeep Singh Gargaj
ਪੰਜਾਬ ਪੁਲਿਸ ਵੱਲੋਂ ਮਾਨਸਾ ਵਿਖੇ ਸਿੱਖ ਕਕਾਰਾਂ ਤੇ ਦਸਤਾਰਾਂ ਦਾ ਤਿਰਸਕਾਰ ਬੇਹੱਦ ਸ਼ਰਮਨਾਕ ਕਾਰਵਾਈ – ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ
ਸ੍ਰੀ ਅੰਮ੍ਰਿਤਸਰ ਸਾਹਿਬ (ਆਵਾਜ਼ਿ ਕੌਮ ਬਿਊਰੋ)-ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪੰਜਾਬ ਪੁਲਿਸ ਵੱਲੋਂ ਮਾਨਸਾ ਵਿਖੇ ਰੋਸ ਪ੍ਰਦਰਸ਼ਨ ਕਰ ਰਹੇ ਸਿੱਖਾਂ ਉੱਤੇ ਕੀਤੇ ਤਸ਼ੱਦਦ ਅਤੇ ਉਨ੍ਹਾਂ ਦੇ ਕਕਾਰਾਂ ਤੇ ਦਸਤਾਰਾਂ ਦੇ ਕੀਤੇ ਗਏ ਤਿਰਸਕਾਰ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਜਥੇਦਾਰ ਸਾਹਿਬ ਨੇ ਕਿਹਾ ਕਿ ਜਿਹੜੇ ਪੁਲਿਸ ਅਧਿਕਾਰੀਆਂ ਨੇ ਸਿੱਖ ਕਕਾਰਾਂ ਤੇ ਦਸਤਾਰਾਂ ਦਾ ਤਿਰਸਕਾਰ ਕੀਤਾ ਹੈ, ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਅਤੇ ਸਰਕਾਰ ਇਹ ਗੱਲ ਚੇਤੇ ਰੱਖੇ ਕਿ ਸਿੱਖ ਕਦੇ ਵੀ ਅਜਿਹੀ ਸ਼ਰਮਨਾਕ ਤੇ ਧੱਕੇ ਵਾਲੀ ਕਾਰਵਾਈ ਨੂੰ ਭੁੱਲਣਗੇ ਨਹੀਂ ਅਤੇ ਨਾ ਹੀ ਬਰਦਾਸ਼ਤ ਕਰਨਗੇ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਨਸ਼ਿਆਂ ਦੀ ਸਮੱਸਿਆ ਬਹੁਤ ਗੰਭੀਰ ਹੈ ਅਤੇ ਇਸ ਨੂੰ ਰੋਕਣਾ ਸਰਕਾਰਾਂ ਦੀ ਮੁੱਢਲੀ ਜ਼ਿੰਮੇਵਾਰੀ ਸੀ, ਪਰ ਮੌਜੂਦਾ ਸਰਕਾਰ ਇਸ ਵਿੱਚ ਫੇਲ੍ਹ ਸਾਬਤ ਹੋਈ ਹੈ। ਲੋਕਾਂ ਦੀ ਰੱਖਿਆ ਕਰਨ ਦੀ ਥਾਂ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਉੱਤੇ ਹੀ ਤਸ਼ੱਦਦ ਕਰ ਰਹੀ ਹੈ, ਜਿਸ ਦਾ ਸਮਾਂ ਆਉਣ ‘ਤੇ ਲੋਕ ਵਾਜਬ ਜਵਾਬ ਜ਼ਰੂਰ ਦੇਣਗੇ। ਜਥੇਦਾਰ ਗੜਗੱਜ ਨੇ ਸਮੂਹ ਪੰਜਾਬੀਆਂ ਅਤੇ ਇਨਸਾਫ਼ ਪਸੰਦ ਸੰਸਥਾਵਾਂ ਨੂੰ ਮਾਨਸਾ ਵਿਖੇ ਸ਼ਹੀਦ ਭਾਈ ਪਰਮਿੰਦਰ ਸਿੰਘ ਦੇ ਇਨਸਾਫ਼ ਲਈ ਚੱਲ ਰਹੇ ਮੋਰਚੇ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਮਾਨਸਾ ਦੇ ਭੰਮੇ ਕਲਾਂ ਪਿੰਡ ਦੇ ਨੌਜਵਾਨ ਦਲਜੀਤ ਸਿੰਘ ਦੀ ਭੇਤ ਭਰੇ ਹਾਲਾਤ ਵਿੱਚ ਮੌਤ ਹੋਈ ਹੈ। ਪਰਿਵਾਰ ਦਾ ਦੋਸ਼ ਹੈ ਕਿ ਦਲਜੀਤ ਸਿੰਘ ਨਸ਼ੇ ਦੀ ਓਵਰਡੋਜ਼ ਕਾਰਨ ਮਰਿਆ ਹੈ ਅਤੇ ਨਸ਼ਾ ਵੇਚਣ ਵਾਲਿਆਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ। ਇਸ ਦੇ ਰੋਸ ਵਿੱਚ ਇਕੱਠੇ ਹੋਏ ਲੋਕਾਂ ਉੱਤੇ ਪੁਲਿਸ ਨੇ ਤਸ਼ੱਦਦ ਕੀਤਾ ਅਤੇ ਅਣਮਨੁੱਖੀ ਵਿਵਹਾਰ ਕੀਤਾ। ਪੁਲਿਸ ਨੂੰ ਅਜਿਹੀ ਕਾਰਵਾਈ ਨਸ਼ਾ ਵੇਚਣ ਵਾਲਿਆਂ ਵਿਰੁੱਧ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਧਾਰੀ ਸਿੱਖਾਂ ਦੀਆਂ ਦਸਤਾਰਾਂ, ਕੇਸਾਂ ਅਤੇ ਕਕਾਰਾਂ ਦੀ ਬੇਅਦਬੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਦੇਸ਼ ਅੰਦਰ ਸ਼ਾਂਤਮਈ ਰੋਸ ਪ੍ਰਦਰਸ਼ਨ ਦਾ ਹੱਕ ਹਰ ਕਿਸੇ ਨੂੰ ਹੈ, ਪਰ ਸਰਕਾਰ ਵੱਲੋਂ ਧੱਕਾ ਅਨਿਆਂ ਵਾਲੀ ਕਾਰਵਾਈ ਹੈ। ਸਰਕਾਰ ਲੋਕਾਂ ਲਈ ਹੁੰਦੀ ਹੈ ਅਤੇ ਸੱਤਾ ਦਾ ਹੰਕਾਰ ਤੇ ਨਸ਼ਾ ਬਹੁਤਾ ਲੰਮਾ ਨਹੀਂ ਚੱਲਦਾ।




