Asaram reached the jail 17 hours after his parole period ended
ਪੈਰੋਲ ਦੀ ਮਿਆਦ ਖ਼ਤਮ ਹੋਣ ਤੋਂ 17 ਘੰਟੇ ਬਾਅਦ ਜੇਲ੍ਹ ਪਹੁੰਚਿਆ ਆਸਾਰਾਮ
ਜੋਧਪੁਰ (ਆਵਾਜ਼ਿ ਕੌਮ ਬਿਊਰੋ)-ਨਾਬਾਲਗ ਨਾਲ ਜਬਰ-ਜ਼ਿਨਾਹ ਦੇ ਮਾਮਲੇ ਵਿਚ ਸਜ਼ਾ ਕੱਟ ਰਹੇ ਆਸਾਰਾਮ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਡਾਕਟਰੀ ਆਧਾਰ ’ਤੇ ਮਿਲੀ ਪੈਰੋਲ ਦੀ ਮਿਆਦ ਖ਼ਤਮ ਹੋਣ ਤੋਂ ਬਾਅਦ ਤੈਅ ਸਮੇਂ ਤੋਂ ਲੱਗਭਗ 17 ਘੰਟੇ ਦੀ ਦੇਰੀ ਨਾਲ ਜੋਧਪੁਰ ਕੇਂਦਰੀ ਜੇਲ੍ਹ ਪਹੁੰਚਣ ’ਤੇ ਉਸ ਵਿਰੁੱਧ ਨਵਾਂ ਮਾਮਲਾ ਦਰਜ ਕੀਤਾ ਗਿਆ ਹੈ। ਰਤਾਨਾਡਾ ਥਾਣੇ ਦੀ ਪੁਲਸ ਨੇ ਮੰਗਲਵਾਰ ਰਾਤ ਨੂੰ ਜੇਲ੍ਹ ਐਕਟ ਦੀ ਧਾਰਾ 58(ਬੀ) ਤਹਿਤ ਆਸਾਰਾਮ ਵਿਰੁੱਧ ਮਾਮਲਾ ਦਰਜ ਕੀਤਾ। ਦੇਰ ਰਾਤ ਪਹੁੰਚਣ ਕਾਰਨ ਜੇਲ੍ਹ ਪ੍ਰਸ਼ਾਸਨ ਨੇ ਉਸ ਨੂੰ ਅੰਦਰ ਦਾਖ਼ਲ ਹੋਣ ਤੋਂ ਰੋਕ ਦਿੱਤਾ। ਆਸਾਰਾਮ ਬੁੱਧਵਾਰ ਸਵੇਰੇ ਲੱਗਭਗ 10 ਵਜੇ ਜੋਧਪੁਰ ਕੇਂਦਰੀ ਜੇਲ੍ਹ ਵਿਚ ਆਤਮਸਮਰਪਣ ਕਰਨ ਲਈ ਪਹੁੰਚਿਆ। ਇਸ ਤੋਂ ਪਹਿਲਾਂ ਉਸ ਨੇ ਭਗਤ ਕੀ ਕੋਠੀ ਸਥਿਤ ਆਰੋਗਿਅਮ ਹਸਪਤਾਲ ਵਿਚ ਰਾਤ ਬਿਤਾਈ।

