Major accident on a highway in Punjab on the day of Karwa Chauth! Two people die a tragic death
ਕਰਵਾਚੌਥ ਦੇ ਦਿਨ ਪੰਜਾਬ ‘ਚ ਹਾਈਵੇਅ ‘ਤੇ ਵੱਡਾ ਹਾਦਸਾ! ਦੋ ਲੋਕਾਂ ਦੀ ਦਰਦਨਾਕ ਮੌਤ
ਗੋਰਾਇਆ (ਆਵਾਜ਼ਿ ਕੌਮ ਬਿਊਰੋ)-ਕਰਵਾਚੌਥ ਵਾਲੇ ਦਿਨ ਗੋਰਾਇਆ ‘ਚ ਵੱਡਾ ਹਾਦਸਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਦਰਦਨਾਕ ਹਾਦਸੇ ‘ਚ ਦੋ ਲੋਕਾਂ ਦੀ ਮੌਤ ਹੋ ਗਈ ਜਦਕਿ ਨੌ ਦੇ ਕਰੀਬ ਲੋਕ ਜ਼ਖ਼ਮੀ ਹੋ ਗਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ. ਐੱਚ. ਓ. ਗੋਰਾਇਆ ਪਰਮਿੰਦਰ ਸਿੰਘ ਥਿੰਦ ਅਤੇ ਸੜਕ ਸੁਰੱਖਿਆ ਫੋਰਸ ਦੇ ਏ. ਐੱਸ. ਆਈ. ਜਸਵਿੰਦਰ ਸਿੰਘ ਨੇ ਦੱਸਿਆ ਸਵੇਰੇ ਲੁਧਿਆਣਾ ਤੋਂ ਜਲੰਧਰ ਸਾਈਡ ਜਾ ਰਹੇ ਮਜ਼ਦੂਰਾਂ ਨਾਲ ਭਰੇ ਥ੍ਰੀ ਵ੍ਹੀਲਰ ਦੀ ਖੜ੍ਹੇ ਕੈਂਟਰ ਨਾਲ ਗੋਰਾਇਆ ਨੈਸ਼ਨਲ ਹਾਈਵੇਅ ‘ਤੇ ਜ਼ੋਰਦਾਰ ਟੱਕਰ ਹੋ ਗਈ, ਜਿਸ ‘ਚ ਹੁਣ ਤੱਕ ਦੋ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਈ ਗੰਭੀਰ ਰੂਪ ‘ਚ ਜ਼ਖ਼ਮੀ ਹਨ, ਜੋ ਹਸਪਤਾਲ ‘ਚ ਜ਼ੇਰੇ ਇਲਾਜ ਹਨ। ਉਨ੍ਹਾਂ ਨੇ ਦੱਸਿਆ ਗਿਆ ਹੈ ਕਿ ਆਟੋ ‘ਚ ਲਗਭਗ 10 ਤੋਂ 12 ਮਜ਼ਦੂਰ ਕੰਮ ਲਈ ਲੁਧਿਆਣਾ ਤੋਂ ਜਲੰਧਰ ਜਾ ਰਹੇ ਸਨ। ਹਾਦਸੇ ‘ਚ ਕਈ ਲੋਕ ਗੰਭੀਰ ਜ਼ਖ਼ਮੀ ਹੋ ਗਏ ਅਤੇ ਉਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਫਿਲੌਰ ਵਿੱਚ ਦਾਖ਼ਲ ਕਰਵਾਇਆ ਗਿਆ। ਡਾਕਟਰਾਂ ਮੁਤਾਬਕ ਹਾਦਸੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਫਿਲੌਰ ਦੇ ਮੁਰਦਾਘਰ ਵਿੱਚ ਰੱਖਿਆ ਗਿਆ ਹੈ। ਇਸ ਮਾਮਲੇ ਵਿੱਚ ਪੁਲਸ ਵੱਲੋਂ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਹਸਪਤਾਲ ‘ਚ ਡਾਕਟਰ ਤਾਨੀਆ ਨੇ ਦੱਸਿਆ ਕਿ ਹਸਪਤਾਲ ‘ਚ ਦੋ ਲੋਕਾਂ ਦੀ ਮੌਤ ਹੋ ਗਈ, ਜਦਕਿ ਨੌਂ ਲੋਕ ਜ਼ਖ਼ਮੀ ਹੋ ਗਏ। ਡਾਕਟਰ ਨੇ ਦੱਸਿਆ ਕਿ ਜ਼ਖ਼ਮੀਆਂ ਦੀ ਪਛਾਣ ਸੰਤੋਸ਼, ਸਰਬਜੀਤ, ਸ਼ਿਸ਼ੂਪਾਲ, ਅੰਕਿਤ, ਮਨਜੀਤ, ਰਾਹੁਲ, ਹਰਦੀਪ, ਹਿਮਾਂਸ਼ੂ, ਰਣਦੀਪ ਵਜੋਂ ਹੋਈ ਹੈ। ਰਾਮਵੀਰ ਨੇ ਦੱਸਿਆ ਕਿ 12 ਲੋਕ ਇਕ ਆਟੋ ਵਿੱਚ ਲੁਧਿਆਣਾ ਤੋਂ ਜਲੰਧਰ ਜਾ ਰਹੇ ਸਨ। ਇਸ ਦੌਰਾਨ ਆਟੋ ਇਕ ਖੜ੍ਹੇ ਟਰੱਕ ਨਾਲ ਟਕਰਾ ਗਿਆ। ਘਟਨਾ ਸਮੇਂ ਉਹ ਅਤੇ ਤਿੰਨ ਲੋਕ ਆਟੋ ਦੇ ਪਿੱਛੇ-ਪਿੱਛੇ ਜਾ ਰਹੇ ਸਨ। ਰਾਮਵੀਰ ਨੇ ਦੱਸਿਆ ਕਿ ਸਾਰੇ ਮਜ਼ਦੂਰ ਪੈਲੇਸ ਵਿੱਚ ਕਰੌਕਰੀ ਦਾ ਕੰਮ ਕਰਨ ਜਾ ਰਹੇ ਸਨ। ਮ੍ਰਿਤਕਾਂ ਦੇ ਨਾਮ ਅਜੇ ਤੱਕ ਪਤਾ ਨਹੀਂ ਲੱਗ ਸਕੇ ਹਨ।

