Violence following Bengal elections; CBI withdraws 20 petitions from Supreme Court, citing the situation
ਬੰਗਾਲ ਚੋਣਾਂ ਮਗਰੋਂ ਹਿੰਸਾ; CBI ਨੇ ਸੁਪਰੀਮ ਕੋਰਟ ਤੋਂ ਵਾਪਸ ਲਈਆਂ 20 ਪਟੀਸ਼ਨਾਂ, ਹਾਲਾਤ ਦਾ ਦਿੱਤਾ ਹਵਾਲਾ
ਨਵੀਂ ਦਿੱਲੀ (ਆਵਾਜ਼ਿ ਕੌਮ ਬਿਊਰੋ)-ਸੀ. ਬੀ. ਆਈ. ਨੇ ਬੁੱਧਵਾਰ ਨੂੰ ਸੁਪਰੀਮ ਕੋਰਟ ਤੋਂ ਆਪਣੀਆਂ ਲੱਗਭਗ 20 ਪਟੀਸ਼ਨਾਂ ਵਾਪਸ ਲੈ ਲਈਆਂ। ਇਨ੍ਹਾਂ ਪਟੀਸ਼ਨਾਂ ਵਿਚ ਪੱਛਮੀ ਬੰਗਾਲ ਵਿਚ 2021 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਹੋਈ ਹਿੰਸਾ ਨਾਲ ਜੁੜੇ ਮਾਮਲਿਆਂ ਨੂੰ ਸੂਬੇ ਤੋਂ ਬਾਹਰ ਤਬਦੀਲ ਕਰਨ ਦੀ ਮੰਗ ਕੀਤੀ ਗਈ ਸੀ। ਸੀ. ਬੀ. ਆਈ. ਨੇ ਹੁਣ ਬਦਲੇ ਹੋਏ ਹਾਲਾਤ ਦਾ ਹਵਾਲਾ ਦਿੱਤਾ ਹੈ। ਚੀਫ਼ ਜਸਟਿਸ ਸੂਰਿਆ ਕਾਂਤ, ਜਸਟਿਸ ਜੋਏਮਾਲਿਆ ਬਾਗਚੀ ਅਤੇ ਜਸਟਿਸ ਵੀ. ਮੋਹਨਾ ਦੀ ਬੈਂਚ ਨੇ ਸੀ. ਬੀ. ਆਈ. ਦੀ ਅਪੀਲ ਨੂੰ ਪ੍ਰਵਾਨ ਕਰਦਿਆਂ ਪਟੀਸ਼ਨਾਂ ਵਾਪਸ ਲੈਣ ਦੀ ਇਜਾਜ਼ਤ ਦੇ ਦਿੱਤੀ। ਸਾਲਿਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਕੋਰਟ ਨੂੰ ਜਾਣੂ ਕਰਵਾਇਆ ਕਿ ਹਾਲਾਤ ਵਿਚ ਆਏ ਬਦਲਾਅ ਕਾਰਨ ਏਜੰਸੀ ਇਨ੍ਹਾਂ ਪਟੀਸ਼ਨਾਂ ਨੂੰ ਅੱਗੇ ਨਹੀਂ ਵਧਾਉਣਾ ਚਾਹੁੰਦੀ। ਜ਼ਿਕਰਯੋਗ ਹੈ ਕਿ ਸੀ. ਬੀ. ਆਈ. ਨੇ ਸਾਲ 2023 ਵਿਚ ਇਹ ਪਟੀਸ਼ਨਾਂ ਮਮਤਾ ਬੈਨਰਜੀ ਦੇ ਮੁੱਖ ਮੰਤਰੀ ਕਾਰਜਕਾਲ ਦੌਰਾਨ ਦਾਇਰ ਕੀਤੀਆਂ ਸਨ। ਉਸ ਸਮੇਂ ਗਵਾਹਾਂ ਨੂੰ ਡਰਾਉਣ-ਧਮਕਾਉਣ, ਸਰਕਾਰੀ ਵਕੀਲਾਂ ’ਤੇ ਦਬਾਅ ਅਤੇ ਸੂਬੇ ਵਿਚ ਨਿਰਪੱਖ ਸੁਣਵਾਈ ਦਾ ਮਾਹੌਲ ਨਾ ਹੋਣ ਦਾ ਖ਼ਦਸ਼ਾ ਪ੍ਰਗਟਾਇਆ ਗਿਆ ਸੀ। ਹਾਲਾਂਕਿ, ਇਸ ਸਾਲ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਸੂਬੇ ਦੀ ਸੱਤਾ ਵਿਚ ਬਦਲਾਅ ਆਇਆ ਅਤੇ ਮਮਤਾ ਬੈਨਰਜੀ ਦੀ ਅਗਵਾਈ ਵਾਲੀ ਤ੍ਰਿਣਮੂਲ ਕਾਂਗਰਸ ਸਰਕਾਰ ਨੂੰ ਹਟਾ ਕੇ ਭਾਜਪਾ ਸੱਤਾ ਵਿਚ ਆ ਗਈ। ਸਿਆਸੀ ਹਾਲਾਤ ਬਦਲਣ ਤੋਂ ਬਾਅਦ ਹੁਣ ਬੰਗਾਲ ਦੀ ਸੀ. ਆਈ. ਡੀ. ਨੇ 2021 ਦੀ ਹਿੰਸਾ ਨਾਲ ਜੁੜੀਆਂ ਸ਼ਿਕਾਇਤਾਂ ’ਤੇ ਨਵੇਂ ਸਿਰੇ ਤੋਂ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਦੇ ਤਹਿਤ ਸੂਬੇ ਵਿਚ 458 ਨਵੀਆਂ ਜਾਂਚਾਂ ਸ਼ੁਰੂ ਕੀਤੀਆਂ ਗਈਆਂ ਹਨ ਅਤੇ 181 ਨਵੀਆਂ ਐੱਫ. ਆਈ. ਆਰ. ਦਰਜ ਕੀਤੀਆਂ ਜਾ ਚੁੱਕੀਆਂ ਹਨ।

