A private school bus went out of control and crashed into a solar plant; the lives of 25 children were narrowly saved
ਨਿੱਜੀ ਸਕੂਲ ਦੀ ਬੱਸ ਬੇਕਾਬੂ ਹੋ ਕੇ ਸੋਲਰ ਪਲਾਂਟ ‘ਚ ਜਾ ਵੜੀ, ਵਾਲ-ਵਾਲ ਬਚੀ 25 ਬੱਚਿਆਂ ਦੀ ਜਾਨ
ਗੋਰਾਇਆ (ਆਵਾਜ਼ਿ ਕੌਮ ਬਿਊਰੋ)-ਥਾਣਾ ਗੋਰਾਇਆ ਦੇ ਪਿੰਡ ਢੰਡਵਾੜ ਗੇਟ ਕੋਲ ਇਕ ਨਿੱਜੀ ਸਕੂਲ ਦੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਜਾਣਕਾਰੀ ਮੁਤਾਬਕ ਬੱਸ ਓਵਰਸਪੀਡ ਹੋਣ ਕਾਰਨ ਬੇਕਾਬੂ ਹੋ ਕੇ ਮੋਟਰ ’ਤੇ ਲੱਗੇ ਸੋਲਰ ਪਲਾਂਟ ਵਿੱਚ ਜਾ ਵੜੀ। ਬੱਸ ਵਿੱਚ ਤਕਰੀਬਨ 25 ਸਕੂਲੀ ਬੱਚੇ ਸਵਾਰ ਸਨ। ਗਨੀਮਤ ਇਹ ਰਹੀ ਕਿ ਇਸ ਹਾਦਸੇ ‘ਚ ਕਿਸੇ ਵੀ ਬੱਚੇ ਨੂੰ ਸੱਟ ਨਹੀਂ ਲੱਗੀ ਅਤੇ ਵੱਡਾ ਜਾਨੀ ਨੁਕਸਾਨ ਹੋਣੋਂ ਬਚਾਅ ਹੋ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ 112 ਦੇ ਇੰਚਾਰਜ ਥਾਣੇਦਾਰ ਹਰਭਜਨ ਸਿੰਘ ਗਿੱਲ ਪੁਲਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ। ਮੌਕੇ ’ਤੇ ਮੌਜੂਦ ਰਾਹਗੀਰਾਂ ਅਤੇ ਲੋਕਾਂ ਨੇ ਦੱਸਿਆ ਕਿ ਬੱਸ ਬੇਕਾਬੂ ਹੋਣ ਕਾਰਨ ਇਹ ਹਾਦਸਾ ਵਾਪਰਿਆ ਹੈ। ਦੂਜੇ ਪਾਸੇ ਬੱਸ ਚਾਲਕ ਰਮਨਦੀਪ ਸਿੰਘ ਪੁੱਤਰ ਤੀਰਥ ਚੰਦ ਨੇ ਦੱਸਿਆ ਕਿ ਬੱਸ ਦੀਆਂ ਬਰੇਕਾਂ ਨਹੀਂ ਲੱਗੀਆਂ, ਜਿਸ ਕਾਰਨ ਬੱਸ ਸੋਲਰ ਪਲਾਂਟ ‘ਚ ਜਾ ਵੜੀ। ਉਸ ਨੇ ਦੱਸਿਆ ਕਿ ਕਰੀਬ ਅੱਧੇ ਘੰਟੇ ਬਾਅਦ ਬੱਸ ਮਾਲਕ ਮੌਕੇ ’ਤੇ ਪਹੁੰਚਿਆ ਅਤੇ ਕਾਫ਼ੀ ਜੱਦੋ-ਜ਼ਹਿਦ ਮਗਰੋਂ ਬੱਸ ਨੂੰ ਸੋਲਰ ਪਲਾਂਟ ਹੇਠੋਂ ਬਾਹਰ ਕੱਢਿਆ ਗਿਆ, ਉਸੇ ਹੀ ਬੱਸ ਦੀਆਂ ਖਿੱਚ-ਖਿੱਚ ਕੇ ਬਰੇਕਾਂ ਮਾਰੀਆਂ। ਇਸ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਕਿ ਬੱਸ ਚਾਲਕ ਕੋਲ ਮੌਕੇ ’ਤੇ ਡਰਾਈਵਿੰਗ ਲਾਇਸੈਂਸ ਮੌਜੂਦ ਨਹੀਂ ਸੀ। ਇਸ ਮੌਕੇ ਹਰਕੀਤ ਸਿੰਘ ਢੰਡਵਾੜ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸਕੂਲੀ ਬੱਸਾਂ ਦੀ ਵਿਸ਼ੇਸ਼ ਚੈਕਿੰਗ ਕੀਤੀ ਜਾਵੇ ਅਤੇ ਜਿਨ੍ਹਾਂ ਬੱਸਾਂ ਦੇ ਕਾਗਜ਼ਾਤ ਅਧੂਰੇ ਹਨ, ਉਨ੍ਹਾਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਹਾਦਸੇ ਦੌਰਾਨ ਮੋਟਰ ਮਾਲਕ ਦਾ ਜੋ ਨੁਕਸਾਨ ਹੋਇਆ ਹੈ, ਉਸ ਦੀ ਭਰਪਾਈ ਕਰਵਾਈ ਜਾਵੇ। ਇਸ ਸਬੰਧੀ 112 ਦੇ ਇੰਚਾਰਜ ਥਾਣੇਦਾਰ ਹਰਭਜਨ ਸਿੰਘ ਗਿੱਲ ਨੇ ਦੱਸਿਆ ਕਿ ਜਦੋਂ ਬੱਸ ਚਾਲਕ ਤੋਂ ਡਰਾਈਵਿੰਗ ਲਾਇਸੈਂਸ ਮੰਗਿਆ ਗਿਆ ਤਾਂ ਉਸ ਕੋਲ ਮੌਕੇ ’ਤੇ ਲਾਇਸੈਂਸ ਨਹੀਂ ਸੀ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕਰਕੇ ਪੁਲਸ ਵੱਲੋਂ ਬਣਦੀ ਕਾਰਵਾਈ ਕੀਤੀ ਜਾਵੇਗੀ।

