Snowfall in the mountains of Uttarakhand and Himachal
ਉਤਰਾਖੰਡ ਤੇ ਹਿਮਾਚਲ ਦੇ ਪਹਾੜਾਂ ’ਤੇ ਬਰਫਬਾਰੀ
ਉੱਤਰਕਾਸ਼ੀ/ਸ਼ਿਮਲਾ (ਆਵਾਜ਼ਿ ਕੌਮ ਬਿਊਰੋ)-ਉਤਰਾਖੰਡ ’ਚ ਵੀਰਵਾਰ ਸਵੇਰ ਤੋਂ ਉੱਚਾਈ ਵਾਲੇ ਖੇਤਰਾਂ ’ਚ ਬਰਫਬਾਰੀ ਅਤੇ ਹੇਠਲੇ ਇਲਾਕਿਆਂ ’ਚ ਮੀਂਹ ਪਿਆ। ਉੱਥੇ ਹੀ ਹਿਮਾਚਲ ਪ੍ਰਦੇਸ਼ ’ਚ ਮੌਸਮ ਨੇ ਅਚਾਨਕ ਕਰਵਟ ਲਈ। ਸ਼ਿਮਲਾ ਜ਼ਿਲੇ ਦੀ ਪ੍ਰਸਿੱਧ ਚਾਂਸ਼ਲ ਘਾਟੀ, ਰੋਹੜੂ ਤੇ ਕਿੰਨੌਰ, ਲਾਹੌਲ-ਸਪੀਤੀ ਤੇ ਚੰਬਾ ਦੀਆਂ ਉੱਚੀਆਂ ਚੋਟੀਆਂ ’ਤੇ ਤਾਜ਼ਾ ਬਰਫਬਾਰੀ ਹੋਈ ਹੈ। ਲਾਹੌਲ-ਸਪੀਤੀ ਦੇ ਕੁਕੁਮਸੇਰੀ ’ਚ ਘੱਟੋ-ਘੱਟ ਤਾਪਮਾਨ ਮਾਈਨਸ 1.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਸੂਬੇ ’ਚ ਸਭ ਤੋਂ ਘੱਟ ਰਿਹਾ। ਅਧਿਕਾਰੀਆਂ ਨੇ ਦੱਸਿਆ ਕਿ ਕੇਦਾਰਨਾਥ, ਗੰਗੋਤਰੀ, ਯਮੁਨੋਤਰੀ, ਔਲੀ ਸਮੇਤ ਅਨੇਕ ਥਾਵਾਂ ’ਤੇ ਬਰਫਬਾਰੀ ਦਰਜ ਕੀਤੀ ਗਈ ਹੈ, ਜਦਕਿ ਬਦਰੀਨਾਥ ਦੇ ਆਸ-ਪਾਸ ਦੀਆਂ ਉੱਚੀਆਂ ਪਹਾੜੀਆਂ ਜਿਵੇਂ ਨੀਲਕੰਠ ਪਹਾੜ ਅਤੇ ਨਰ-ਨਾਰਾਇਣ ਪਹਾੜਾਂ ’ਤੇ ਬਰਫਬਾਰੀ ਹੋਣ ਦੀ ਸੂਚਨਾ ਹੈ। ਪ੍ਰਸ਼ਾਸਨ ਨੇ ਸ਼ਿਮਲਾ, ਸਿਰਮੌਰ, ਮੰਡੀ ਅਤੇ ਕਾਂਗੜਾ ਜ਼ਿਲਿਆਂ ’ਚ ਕੁਝ ਸਥਾਨਾਂ ’ਤੇ ਤੇਜ਼ ਹਵਾਵਾਂ ਚੱਲਣ, ਬਿਜਲੀ ਚਮਕਣ ਅਤੇ ਗੜੇਮਾਰੀ ਦਾ ਯੈਲੋ ਅਲਰਟ ਜਾਰੀ ਕੀਤਾ ਹੈ। ਚੱਕਰਵਾਤ ਅਰਨਬ ਅਤੇ ਪੱਛਮੀ ਗੜਬੜੀ ਕਾਰਨ ਦਿੱਲੀ-ਐੱਨ. ਸੀ. ਆਰ. ਅਤੇ ਹਰਿਆਣਾ ਦੇ ਕਈ ਜ਼ਿਲਿਆਂ ’ਚ ਮੌਸਮ ਨੇ ਕਰਵਟ ਲਈ ਹੈ। ਵੀਰਵਾਰ ਸਵੇਰ ਤੋਂ ਹੀ ਆਸਮਾਨ ’ਚ ਬੱਦਲ ਛਾਏ ਰਹੇ ਅਤੇ ਕਈ ਇਲਾਕਿਆਂ ’ਚ ਬੂੰਦਾਬਾਂਦੀ ਹੋਈ, ਜਿਸ ਨਾਲ ਤਾਪਮਾਨ ’ਚ ਗਿਰਾਵਟ ਆਈ ਹੈ ਅਤੇ ਠੰਢ ਵੱਧ ਗਈ ਹੈ। ਮੌਸਮ ਵਿਭਾਗ ਨੇ 29 ਤੋਂ 31 ਅਕਤੂਬਰ ਤੱਕ ਲਈ ਓਰੇਂਜ ਤੇ ਯੈਲੋ ਅਲਰਟ ਜਾਰੀ ਕੀਤਾ ਹੈ। ਮੌਸਮ ’ਚ ਅਚਾਨਕ ਆਏ ਇਸ ਬਦਲਾਅ ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ, ਖਾਸ ਕਰ ਕੇ ਉਨ੍ਹਾਂ ਕਿਸਾਨਾਂ ਦੀ ਜਿਨ੍ਹਾਂ ਦੀ ਝੋਨੇ ਦੀ ਫਸਲ ਕਟਾਈ ਲਈ ਤਿਆਰ ਹੈ ਜਾਂ ਕੱਟ ਚੁੱਕੀ ਹੈ। ਪਾਣੀਪਤ ਤੇ ਯਮੁਨਾਨਗਰ ਤੋਂ ਆਈਆਂ ਖਬਰਾਂ ਅਨੁਸਾਰ, ਸਵੇਰੇ ਹੋਈ ਬੂੰਦਾਬਾਂਦੀ ਨਾਲ ਮੰਡੀਆਂ ’ਚ ਰੱਖੀਆਂ ਝੋਨੇ ਦੀਆਂ ਬੋਰੀਆਂ ਦੇ ਭਿੱਜਣ ਦਾ ਖਤਰਾ ਮੰਡਰਾਉਣ ਲੱਗਾ ਹੈ।

