Glacial lake bursts in Bhutan; water surging rapidly towards India; flood risk in these states
ਭੂਟਾਨ ‘ਚ ਗਲੇਸ਼ੀਅਰ ਝੀਲ ਫਟੀ, ਭਾਰਤ ਵੱਲ ਤੇਜ਼ੀ ਨਾਲ ਵਧ ਰਿਹੈ ਪਾਣੀ, ਇਨ੍ਹਾਂ ਸੂਬਿਆਂ ‘ਚ ਹੜ੍ਹ ਦਾ ਖ਼ਤਰਾ
ਗੁਹਾਟੀ (ਆਵਾਜ਼ਿ ਕੌਮ ਬਿਊਰੋ)-ਗੁਆਂਢੀ ਦੇਸ਼ ਭੂਟਾਨ ‘ਚ ‘ਗਲੇਸ਼ੀਅਲ ਲੇਕ ਆਊਟਬਰਸਟ ਹੜ੍ਹ (ਗੋਲਫ਼) ਯਾਨੀ ਗਲੇਸ਼ੀਅਰ ਝੀਲ ਦੇ ਅਚਾਨਕ ਫਟਣ ਨਾਲ ਆਏ ਹੜ੍ਹ ਤੋਂ ਬਾਅਦ ਆਸਾਮ ਸਰਕਾਰ ਸਥਿਤੀ ‘ਤੇ ਸਖ਼ਤ ਨਜ਼ਰ ਰੱਖ ਰਹੀ ਹੈ ਅਤੇ ਸੂਬੇ ਦੇ ਧੁਬਰੀ ਜ਼ਿਲ੍ਹੇ ‘ਚ ਅਲਰਟ ਜਾਰੀ ਕੀਤਾ ਗਿਆ ਹੈ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਦੇ ਅਨੁਸਾਰ, ਧੁਬਰੀ ਜ਼ਿਲ੍ਹੇ ਤੋਂ ਹੋ ਕੇ ਵਹਿਣ ਵਾਲੀ ਸੰਕੋਸ਼ ਨਦੀ ਦੇ ਹੜ੍ਹ ਤੋਂ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ। ਇਸ ਦੇ ਮੱਦੇਨਜ਼ਰ, ਪ੍ਰਸ਼ਾਸਨ ਨੇ ਚੌਕਸੀ ਵਧਾ ਦਿੱਤੀ ਹੈ ਅਤੇ ਨਦੀ ਦੇ ਪਾਣੀ ਦੇ ਪੱਧਰ ‘ਚ ਸੰਭਾਵੀ ਵਾਧੇ ਨਾਲ ਨਜਿੱਠਣ ਦੀ ਤਿਆਰੀ ਕਰ ਰਿਹਾ ਹੈ। ਸੰਭਾਵੀ ਖ਼ਤਰੇ ਦੇ ਮੱਦੇਨਜ਼ਰ, ਪੱਛਮੀ ਬੰਗਾਲ ‘ਚ ਸੰਕੋਸ਼ ਨਦੀ ਦੇ ਕਿਨਾਰੇ ਰਹਿਣ ਵਾਲੇ ਵਾਲੇ ਅਤੇ ਆਸਾਮ ‘ਚ ਰਹਿਣ ਵਾਲੇ ਲੋਕਾਂ ਨੂੰ ਸਾਵਧਾਨੀ ਵਜੋਂ ਸੁਰੱਖਿਅਤ ਥਾਵਾਂ ‘ਤੇ ਭੇਜਿਆ ਜਾ ਰਿਹਾ ਹੈ। ਮੁੱਖ ਮੰਤਰੀ ਦਫ਼ਤਰ ਨੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ‘ਚ ਕਿਹਾ,”ਭੂਟਾਨ ‘ਚ ਗਲੇਸ਼ੀਅਰ ਝੀਲ ਫਟਣ ਨਾਲ ਆਏ ਹੜ੍ਹ ਕਾਰਨ ਪੈਦਾ ਹੋਈ ਸਥਿਤੀ ‘ਤੇ ਮੁੱਖ ਮੰਤਰੀ ਡਾ. ਹਿਮੰਤ ਬਿਸਵਾ ਸਰਮਾ ਕਰੀਬੀ ਨਜ਼ਰ ਰੱਖ ਰਹੇ ਹਨ।” ਪੋਸਟ ‘ਚ ਕਿਹਾ ਗਿਆ ਹੈ,”ਧੁਬਰੀ ਜ਼ਿਲ੍ਹਾ ਪ੍ਰਸ਼ਾਸਨ ਦੀ ਟੀਮ ਮੌਕੇ ‘ਤੇ ਮੌਜੂਦ ਹੈ ਅਤੇ ਹੇਠਲੇ ਖੇਤਰਾਂ ‘ਚ ਹੜ੍ਹ ਦੇ ਸੰਭਾਵੀ ਪ੍ਰਭਾਵ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਤਿਆਰ ਹੈ।” ਆਸਾਮ ਰਾਜ ਆਫ਼ਤ ਪ੍ਰਬੰਧਨ ਅਥਾਰਟੀ ਦੇ ਬੁਲਾਰੇ ਨੇ ਦੱਸਿਆ ਕਿ ਸ਼ੁੱਕਰਵਾਰ ਸਵੇਰੇ 6:30 ਵਜੇ ਤੱਕ ਸੰਕੋਸ਼ ਨਦੀ ਦਾ ਪਾਣੀ ਦਾ ਪੱਧਰ ਸਥਿਰ ਸੀ। ਉਨ੍ਹਾਂ ਅੱਗੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਆਫ਼ਤ ਰਾਹਤ ਅਤੇ ਬਚਾਅ ਟੀਮਾਂ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਹਨ। ਜਲ ਸ਼ਕਤੀ ਮੰਤਰਾਲੇ ਨੇ ਵੀਰਵਾਰ ਨੂੰ ਆਸਾਮ ਅਤੇ ਪੱਛਮੀ ਬੰਗਾਲ ਲਈ ਇਕ ਵਿਸ਼ੇਸ਼ ਸਲਾਹ ਜਾਰੀ ਕੀਤੀ, ਜਿਸ ‘ਚ ਕਿਹਾ ਗਿਆ ਹੈ ਕਿ ਭੂਟਾਨ ‘ਚ ਭਾਰਤੀ ਦੂਤਘਰ ਨੇ ਪੁਨਾਤਸਾਂਗਛੂ ਨਦੀ ਬੇਸਿਨ ‘ਚ ਸਥਿਤ ਸ਼ਿੰਟਾਫੂ ਝੀਲ ‘ਤੇ “ਗਲੇਸ਼ੀਅਲ ਲੇਕ ਆਊਟਬਰਸਟ ਫਲੱਡ” ਦੀ ਰਿਪੋਰਟ ਦਿੱਤੀ ਹੈ। ਸਲਾਹ ਅਨੁਸਾਰ, ਆਸਾਮ ਦੇ ਧੁਬਰੀ ਜ਼ਿਲ੍ਹੇ ਅਤੇ ਪੱਛਮੀ ਬੰਗਾਲ ਦੇ ਅਲੀਪੁਰਦੁਆਰ ਜ਼ਿਲ੍ਹੇ ‘ਚ ਸੰਕੋਸ਼ ਨਦੀ ਦੇ ਪਾਣੀ ਦਾ ਪੱਧਰ ਅਚਾਨਕ ਵੱਧ ਸਕਦਾ ਹੈ, ਜਿਸ ਤੋਂ ਬਾਅਦ ਉੱਪਰਲੇ ਖੇਤਰਾਂ ‘ਚ ਅਚਾਨਕ ਹੜ੍ਹ ਆਉਣ ਦੀਆਂ ਰਿਪੋਰਟਾਂ ਆਈਆਂ ਹਨ। ਮੰਤਰਾਲੇ ਨੇ ਦੋਵਾਂ ਜ਼ਿਲ੍ਹਿਆਂ ਦੇ ਸਥਾਨਕ ਪ੍ਰਸ਼ਾਸਨ ਨੂੰ ਚੌਕਸ ਰਹਿਣ, ਸਥਿਤੀ ਦੀ ਲਗਾਤਾਰ ਨਿਗਰਾਨੀ ਕਰਨ ਅਤੇ ਜ਼ਰੂਰੀ ਸਾਵਧਾਨੀ ਉਪਾਅ ਕਰਨ ਦੀ ਸਲਾਹ ਦਿੱਤੀ।

