Cyclone ‘Arnab’: Relief operations underway in Odisha; food packets dropped via helicopters
ਚੱਕਰਵਾਤ ‘ਅਰਨਬ’: ਓਡਿਸ਼ਾ ’ਚ ਰਾਹਤ ਕਾਰਜ ਜਾਰੀ, ਹੈਲੀਕਾਪਟਰਾਂ ਰਾਹੀਂ ਸੁੱਟੇ ਗਏ ਭੋਜਨ ਦੇ ਪੈਕੇਟ
ਭੁਵਨੇਸ਼ਵਰ (ਆਵਾਜ਼ਿ ਕੌਮ ਬਿਊਰੋ)-ਓਡਿਸ਼ਾ ਸਰਕਾਰ ਨੇ ਚੱਕਰਵਾਤ ‘ਅਰਨਬ’ ਕਾਰਨ ਪੈਦਾ ਹੋਈ ਸਥਿਤੀ ਨਾਲ ਨਜਿੱਠਣ ਲਈ ਸ਼ੁੱਕਰਵਾਰ ਨੂੰ ਰਾਹਤ ਅਤੇ ਬਚਾਅ ਮੁਹਿੰਮ ਤੇਜ਼ ਕਰਦਿਆਂ ਹੜ੍ਹ ਪ੍ਰਭਾਵਿਤ ਗੰਜਾਮ ਜ਼ਿਲੇ ਵਿਚ ਭੋਜਨ ਦੇ ਪੈਕੇਟ ਸੁੱਟਣ ਲਈ ਰੱਖਿਆ ਫੋਰਸਾਂ ਦੇ 4 ਹੈਲੀਕਾਪਟਰ ਤਾਇਨਾਤ ਕੀਤੇ। ਚੱਕਰਵਾਤ ‘ਅਰਨਬ’ ਕਾਰਨ ਪਏ ਭਾਰੀ ਮੀਂਹ ਤੋਂ ਬਾਅਦ ਜ਼ਿਲੇ ਵਿਚ ਹਜ਼ਾਰਾਂ ਲੋਕ 24 ਘੰਟਿਆਂ ਤੋਂ ਵੱਧ ਸਮੇਂ ਤੋਂ ਹੜ੍ਹ ਵਿਚ ਫਸੇ ਹੋਏ ਹਨ। ਵਿਸ਼ੇਸ਼ ਰਾਹਤ ਕਮਿਸ਼ਨਰ ਰਾਜੇਸ਼ ਪੀ. ਪਾਟਿਲ ਨੇ ਦੱਸਿਆ ਕਿ 4 ਹੈਲੀਕਾਪਟਰਾਂ ਨੇ ਜ਼ਿਲੇ ਦੇ ਨਿਸ਼ਾਨਦੇਹੀ ਕੀਤੇ 21 ਸਥਾਨਾਂ ’ਤੇ ਭੋਜਨ ਦੇ ਪੈਕੇਟ ਸੁੱਟਣੇ ਸ਼ੁਰੂ ਕਰ ਦਿੱਤੇ ਹਨ। ਅਧਿਕਾਰੀਆਂ ਅਨੁਸਾਰ, ਭਾਰਤੀ ਸਮੁੰਦਰੀ ਫੌਜ ਅਤੇ ਭਾਰਤੀ ਕੋਸਟ ਗਾਰਡ ਦੇ ਹੈਲੀਕਾਪਟਰ ਇਸ ਮੁਹਿੰਮ ’ਚ ਜੁਟੇ ਹੋਏ ਹਨ। ਗੰਜਾਮ ਜ਼ਿਲ੍ਹੇ ਦੇ ਪਾਤਰਾਪੁਰ ਬਲਾਕ ’ਚ 24 ਘੰਟਿਆਂ ਦੌਰਾਨ 54 ਸੈਂਟੀਮੀਟਰ ਮੀਂਹ ਦਰਜ ਕੀਤਾ ਗਿਆ, ਜਦਕਿ ਗੰਜਾਮ ਅਤੇ ਗਜਪਤੀ ਦੇ ਕਈ ਹੋਰ ਸਥਾਨਾਂ ’ਤੇ ਵੀ ਅਸਾਧਾਰਨ ਰੂਪ ਨਾਲ ਭਾਰੀ ਮੀਂਹ ਪਿਆ, ਜਿਸ ਨਾਲ ਭਿਆਨਕ ਹੜ੍ਹ ਆ ਗਿਆ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਵੀ ਓਡਿਸ਼ਾ ਦੇ ਮੁੱਖ ਮੰਤਰੀ ਮੋਹਨ ਚਰਨ ਮਾਝੀ ਤੋਂ ਚੱਕਰਵਾਤ ‘ਅਰਨਬ’ ਤੋਂ ਬਾਅਦ ਸੂਬੇ ਵਿਚ ਪੈਦਾ ਹੋਈ ਸਥਿਤੀ ਦੀ ਜਾਣਕਾਰੀ ਲਈ ਹੈ। ਓਡਿਸ਼ਾ ਦੇ ਕੰਧਮਾਲ ਜ਼ਿਲੇ ਵਿਚ ਢਿੱਗਾਂ ਡਿੱਗਣ ਕਾਰਨ 9 ਮਹੀਨੇ ਦੇ ਬੱਚੇ ਸਮੇਤ ਇਕੋ ਪਰਿਵਾਰ ਦੇ 3 ਜੀਆਂ ਦੀ ਮੌਤ ਹੋ ਗਈ। ਸੂਬੇ ਦੇ ਪੰਚਾਇਤੀ ਰਾਜ ਮੰਤਰੀ ਰਵੀ ਨਾਰਾਇਣ ਨਾਇਕ ਨੇ ਦੱਸਿਆ ਕਿ ਰਾਇਕੀਆ ਬਲਾਕ ਦੇ ਅਧੀਨ ਡਾਂਗੇਸੀ ਪਿੰਡ ਵਿਚ ਚੱਕਰਵਾਤ ‘ਅਰਨਬ’ ਕਾਰਨ ਭਾਰੀ ਮੀਂਹ ਕਾਰਨ ਢਿੱਗਾਂ ਡਿੱਗੀਆਂ।

