Will the citizenship of CJP spokesperson Sourav Das be investigated? Madras High Court seeks a response from the Centre
CJP ਬੁਲਾਰੇ ਸੌਰਵ ਦਾਸ ਦੀ ਨਾਗਰਿਕਤਾ ਦੀ ਹੋਵੇਗੀ ਜਾਂਚ?, ਮਦਰਾਸ ਹਾਈ ਕੋਰਟ ਨੇ ਕੇਂਦਰ ਤੋਂ ਮੰਗਿਆ ਜਵਾਬ
ਚੇਨਈ (ਆਵਾਜ਼ਿ ਕੌਮ ਬਿਊਰੋ)-ਮਦਰਾਸ ਹਾਈ ਕੋਰਟ ਨੇ ਪੱਤਰਕਾਰ ਅਤੇ ਕਾਕਰੋਚ ਜਨਤਾ ਪਾਰਟੀ (ਸੀ. ਜੇ. ਪੀ.) ਦੇ ਬੁਲਾਰੇ ਸੌਰਵ ਦਾਸ ਦੀ ਪਛਾਣ ਅਤੇ ਰਾਸ਼ਟਰੀਅਤਾ ਦੀ ਜਾਂਚ ਕਰਵਾਉਣ ਦੀ ਮੰਗ ਵਾਲੀ ਜਨਹਿੱਤ ਪਟੀਸ਼ਨ ’ਤੇ ਸੁਣਵਾਈ ਕੀਤੀ ਹੈ। ਅਦਾਲਤ ਨੇ ਇਸ ਮਾਮਲੇ ਵਿਚ ਕੇਂਦਰ ਸਰਕਾਰ, ਸੌਰਵ ਦਾਸ ਅਤੇ ਹੋਰ ਸਬੰਧਤ ਧਿਰਾਂ ਨੂੰ ਨੋਟਿਸ ਜਾਰੀ ਕਰ ਕੇ ਜਵਾਬ ਮੰਗਿਆ ਹੈ। ਪਟੀਸ਼ਨ ਵਿਚ ਦਾਸ ਦੀ ਨਾਗਰਿਕਤਾ ਅਤੇ ਪਰਿਵਾਰਕ ਪਿਛੋਕੜ ਦੀ ਜਾਂਚ ਕਰਵਾਉਣ ਦੇ ਨਾਲ ਹੀ ਉਨ੍ਹਾਂ ਦੇ ਸੋਸ਼ਲ ਮੀਡੀਆ ਖਾਤਿਆਂ ਨੂੰ ਬੰਦ ਕਰਨ ਦੀ ਮੰਗ ਵੀ ਕੀਤੀ ਗਈ ਹੈ। ਮਾਮਲਾ ਹੁਣ ਅਦਾਲਤ ਵਿਚ ਵਿਚਾਰ ਅਧੀਨ ਹੈ। ਮਦਰਾਸ ਹਾਈ ਕੋਰਟ ਦੀ ਚੀਫ ਜਸਟਿਸ ਐੱਸ. ਏ. ਧਰਮਾਧਿਕਾਰੀ ਅਤੇ ਜਸਟਿਸ ਜੀ. ਅਰੁਲ ਮੁਰੂਗਨ ਦੀ ਬੈਂਚ ਨੇ ਸ਼ੁੱਕਰਵਾਰ ਨੂੰ ਇਸ ਜਨਹਿੱਤ ਪਟੀਸ਼ਨ ’ਤੇ ਸੁਣਵਾਈ ਕੀਤੀ। ਅਦਾਲਤ ਨੇ ਮਾਮਲੇ ਨੂੰ 6 ਹਫ਼ਤਿਆਂ ਬਾਅਦ ਸੁਣਵਾਈ ਲਈ ਸੂਚੀਬੱਧ ਕੀਤਾ ਹੈ। ਇਕ ਕਾਰੋਬਾਰੀ ਨੇ ਸ਼ੁੱਕਰਵਾਰ ਨੂੰ ਮਦਰਾਸ ਉੱਚ ਅਦਾਲਤ ਦਾ ਰੁਖ਼ ਕਰ ਕੇ ਸੌਰਵ ਦਾਸ ਅਤੇ ਉਨ੍ਹਾਂ ਦੇ ਮਾਤਾ-ਪਿਤਾ ਦੇ ਪਿਛੋਕੜ ਅਤੇ ਹੋਰ ਵੇਰਵਿਆਂ ਦੀ ਤੁਰੰਤ ਵਿਸਤ੍ਰਿਤ, ਡੂੰਘੀ ਅਤੇ ਨਿਰਪੱਖ ਜਾਂਚ ਕਰਵਾਉਣ ਦਾ ਹੁਕਮ ਦੇਣ ਦੀ ਅਪੀਲ ਕੀਤੀ। ਗਣੇਸ਼ ਕੁਮਾਰ ਨੇ ਆਪਣੀ ਪਟੀਸ਼ਨ ਵਿਚ ਕਿਹਾ ਕਿ ਦਾਸ ਦੇ ਪੂਰਵਜ ਨੇਪਾਲ ਨਾਲ ਕਥਿਤ ਤੌਰ ’ਤੇ ਜੁੜੇ ਹੋਏ ਹਨ ਅਤੇ ਇਸ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹ ਗੱਲ ਸਹੀ ਪਾਈ ਜਾਂਦੀ ਹੈ ਤਾਂ ਉਹ ਸਾਡੀ ਸਰਕਾਰ ਅਤੇ ਨਿਆਂਪਾਲਿਕਾ ’ਤੇ ਉਪਦੇਸ਼ ਨਹੀਂ ਦੇ ਸਕਦੇ।

