Police from Maksudan station conducted a raid in the drug hotspot village of Naharpur; 2 youths rounded up
ਨਸ਼ੇ ਦੇ ਹਾਟਸਪਾਟ ਪਿੰਡ ਨਾਹਰਪੁਰ ’ਚ ਥਾਣਾ ਮਕਸੂਦਾਂ ਦੀ ਪੁਲਸ ਨੇ ਕੀਤੀ ਛਾਪੇਮਾਰੀ, 2 ਨੌਜਵਾਨ ਰਾਊਂਡਅੱਪ
ਜਲੰਧਰ (ਆਵਾਜ਼ਿ ਕੌਮ ਬਿਊਰੋ)-ਥਾਣਾ ਕਰਤਾਰਪੁਰ ਦੇ ਇਲਾਕੇ ਵਿਚ ਪੈਂਦੇ ਹਾਟਸਪਾਟ ਪਿੰਡ ਨਾਹਰਪੁਰ ਵਿਚ ਥਾਣਾ ਮਕਸੂਦਾਂ ਦੀ ਪੁਲਸ ਨੇ ਛਾਪੇਮਾਰੀ ਕੀਤੀ ਅਤੇ ਸਰਚ ਮੁਹਿੰਮ ਚਲਾਈ। ਯਾਦ ਰਹੇ ਕਿ ਇਹ ਪਿੰਡ ਨਸ਼ੇ ਨੂੰ ਲੈ ਕੇ ਕਾਫ਼ੀ ਚਰਚਾ ਵਿਚ ਰਹਿੰਦਾ ਹੈ। ਸਵੇਰੇ-ਸਵੇਰੇ ਹੀ ਥਾਣਾ ਮਕਸੂਦਾਂ ਦੇ ਐੱਸ. ਐੱਚ. ਓ. ਬਲਬੀਰ ਸਿੰਘ ਨੇ ਆਪਣੀਆਂ ਪੁਲਸ ਪਾਰਟੀਆਂ ਸਮੇਤ ਪਿੰਡ ਨਾਹਰਪੁਰ ਵਿਚ ਛਾਪੇਮਾਰੀ ਕੀਤੀ। ਇਸ ਦੌਰਾਨ ਉਨ੍ਹਾਂ ਕਈ ਨਸ਼ਾ ਸਮੱਗਲਰਾਂ ਅਤੇ ਆਉਣ-ਜਾਣ ਵਾਲੇ ਵਾਹਨ ਚਾਲਕਾਂ ਦੀ ਚੈਕਿੰਗ ਕੀਤੀ। ਫਿਲਹਾਲ ਇਸ ਸਰਚ ਵਿਚ ਪੁਲਸ ਨੂੰ ਕੁਝ ਨਹੀਂ ਮਿਲਿਆ ਪਰ ਇਲਾਕੇ ਵਿਚ ਪੁਲਸ ਦੇ ਪਹੁੰਚਣ ’ਤੇ ਨਸ਼ਾ ਸਮੱਗਲਰ ਆਪਣੇ ਘਰਾਂ ਤੋਂ ਇੱਧਰ-ਉੱਧਰ ਹੋ ਗਏ। ਐੱਸ. ਐੱਚ. ਓ. ਬਲਬੀਰ ਸਿੰਘ ਨੇ ਨਸ਼ਾ ਸਮੱਗਲਰਾਂ ਨੂੰ ਚਿਤਾਵਨੀ ਦਿੱਤੀ ਕਿ ਉਹ ਨਸ਼ਾ ਵੇਚਣਾ ਬੰਦ ਕਰ ਦੇਣ ਅਤੇ ਜੋ ਵੀ ਨਸ਼ਾ ਵੇਚਦਾ ਜਾਂ ਨਸ਼ੇ ਦਾ ਸੇਵਨ ਕਰਦਾ ਪਾਇਆ ਗਿਆ ਤਾਂ ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਐੱਸ. ਐੱਚ. ਓ. ਨੇ ਦੱਸਿਆ ਕਿ ਇਸ ਸਰਚ ਮੁਹਿੰਮ ਵਿਚ 2 ਨੌਜਵਾਨਾਂ ਨੂੰ ਰਾਊਂਡਅੱਪ ਕੀਤਾ ਗਿਆ ਹੈ, ਜੋ ਬਾਹਰੀ ਇਲਾਕਿਆਂ ਤੋਂ ਆ ਕੇ ਇਥੇ ਨਸ਼ਾ ਖ਼ਰੀਦਦੇ ਸਨ। ਰਾਊਂਡਅੱਪ ਕੀਤੇ ਗਏ ਨੌਜਵਾਨਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ ਕਿ ਉਹ ਕਿਸ ਨਸ਼ਾ ਸਮੱਗਲਰ ਤੋਂ ਨਸ਼ਾ ਖ਼ਰੀਦਦੇ ਸਨ।

