Daughter returns from the UK secretly, without informing her parents; body found at the address provided for a food delivery
ਮਾਪਿਆਂ ਨੂੰ ਦੱਸੇ ਬਿਨਾਂ ਚੁੱਪ-ਚਪੀਤੇ UK ਤੋਂ ਪਰਤੀ ਧੀ ! ਫੂਡ ਡਿਲੀਵਰੀ ਵਾਲੇ Address ਤੋਂ ਮਿਲੀ ਲਾਸ਼
ਪੁਣੇ (ਆਵਾਜ਼ਿ ਕੌਮ ਬਿਊਰੋ)-ਮਹਾਰਾਸ਼ਟਰ ‘ਚ ਪੁਣੇ ਦੇ ਇਕ ਫਲੈਟ ‘ਚ 34 ਸਾਲਾ ਔਰਤ ਮ੍ਰਿਤਕ ਮਿਲੀ, ਜਦੋਂ ਕਿ ਉਸ ਦੇ ਪਰਿਵਾਰ ਦਾ ਮੰਨਣਾ ਸੀ ਕਿ ਉਹ ਲੰਡਨ ‘ਚ ਪੜ੍ਹਾਈ ਕਰ ਰਹੀ ਹੈ। ਪੁਲਸ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ‘ਫੂਡ ਡਿਲੀਵਰੀ’ ਨਾਲ ਸੰਬੰਧਤ ਲੈਣ-ਦੇਣ ਤੋਂ ਉਸ ਦੇ ਮਾਤਾ-ਪਿਤਾ ਨੂੰ ਭਾਰਤ ‘ਚ ਉਸ ਦੀ ਮੌਜੂਦਗੀ ਦਾ ਪਤਾ ਲੱਗਾ ਸੀ, ਜਿਸ ਦੇ ਕੁਝ ਦਿਨਾਂ ਬਾਅਦ ਇਹ ਘਟਨਾ ਸਾਹਮਣੇ ਆਈ। ਪੁਲਸ ਦੇ ਇਕ ਅਧਿਕਾਰੀ ਨੇ ਕਿਹਾ ਕਿ ਮੁਗਧਾ ਦੇਸ਼ਮੁਖ ਜੁਲਾਈ 2025 ‘ਚ ਐੱਮਬੀਏ ਕਰਨ ਲਈ ਯੂਕੇ (ਬ੍ਰਿਟੇਨ) ਗਈ ਸੀ ਅਤੇ ਅਗਸਤ 2026 ‘ਚ ਚੁੱਪ-ਚਾਪ ਭਾਰਤ ਵਾਪਸ ਆ ਗਈ ਸੀ। ਵੀਰਵਾਰ ਨੂੰ ਉਸ ਦੀ ਲਾਸ਼ ਪਿੰਪਰੀ ਚਿੰਚਵੜ ਦੇ ਗਹੁੰਜੇ ਖੇਤਰ ‘ਚ ਸਥਿਤ ਇਕ ਰਿਹਾਇਸ਼ੀ ਕੰਪਲੈਕਸ ‘ਚ ਮਿਲੀ। ਉਸ ਦੇ ਸਰੀਰ ‘ਤੇ ਸੱਟ ਦੇ ਕੋਈ ਬਾਹਰੀ ਨਿਸ਼ਾਨ ਨਹੀਂ ਮਿਲੇ। ਪੁਲਸ ਦੇ ਅਨੁਸਾਰ, ਛਤਰਪਤੀ ਸੰਭਾਜੀਨਗਰ ਦੀ ਰਹਿਣ ਵਾਲੀ ਮੁਗਧਾ ਲੰਡਨ ‘ਚ ਇਕੱਲੀ ਰਹਿੰਦੀ ਸੀ ਅਤੇ ਉੱਥੇ ‘ਪਾਰਟ ਟਾਈਮ’ ਕੰਮ ਕਰਦੀ ਸੀ। ਮੁਗਧਾ ਦਾ ਪਰਿਵਾਰ ਫ਼ੋਨ ਅਤੇ ਸੁਨੇਹਿਆਂ ਰਾਹੀਂ ਉਸ ਨਾਲ ਸੰਪਰਕ ‘ਚ ਸੀ। ਹਾਲਾਂਕਿ, 24 ਅਕਤੂਬਰ ਨੂੰ ਪਰਿਵਾਰ ਉਸ ਨਾਲ ਸੰਪਰਕ ਕਰਨ ‘ਚ ਅਸਮਰੱਥ ਸੀ ਅਤੇ ਉਸ ਦਾ ਮੋਬਾਈਲ ਫੋਨ ਬੰਦ ਸੀ। ਉਸ ਦੇ ਪਿਤਾ ਅਵਿਨਾਸ਼ ਦੇਸ਼ਮੁਖ ਨੇ ਇਸ ਹਫ਼ਤੇ ਦੇ ਸ਼ੁਰੂ ‘ਚ ਛਤਰਪਤੀ ਸੰਭਾਜੀਨਗਰ ਪੁਲਸ ਕੋਲ ਦਰਜ ਕਰਵਾਈ ਸ਼ਿਕਾਇਤ ‘ਚ ਇਹ ਗੱਲ ਕਹੀ। ਅਧਿਕਾਰੀ ਨੇ ਕਿਹਾ ਕਿ ਪਰਿਵਾਰ ਨੇ ਫਿਰ ਮੁਗਧਾ ਦੇ ਲੰਡਨ ‘ਚ ਰਹਿਣ ਵਾਲੇ ਇਕ ਦੋਸਤ ਨਾਲ ਸੰਪਰਕ ਕੀਤਾ, ਜਿਸ ਨੇ ਉਨ੍ਹਾਂ ਨੂੰ ਦੱਸਿਆ ਕਿ ਉਸ ਨੇ ਆਖਰੀ ਵਾਰ 22 ਅਕਤੂਬਰ ਨੂੰ ਟੈਕਸਟ ਸੁਨੇਹੇ ਰਾਹੀਂ ਉਸ ਨਾਲ ਗੱਲ ਕੀਤੀ ਸੀ। ਉਨ੍ਹਾਂ ਕਿਹਾ ਕਿ ਦੋਸਤ ਨੇ ਫਿਰ ਲੰਡਨ ਪੁਲਸ ਨੂੰ ਮੁਗਧਾ ਦੇ ਲਾਪਤਾ ਹੋਣ ਦੀ ਰਿਪੋਰਟ ਦਿੱਤੀ, ਪਰ ਉਨ੍ਹਾਂ ਨੂੰ ਦੱਸਿਆ ਗਿਆ ਕਿ ਮੁਗਧਾ ਅਗਸਤ ਦੇ ਅਖੀਰ ‘ਚ ਯੂਕੇ ਛੱਡ ਗਈ ਸੀ। ਮੁਗਧਾ ਦੇ ਠਿਕਾਣੇ ਬਾਰੇ ਚਿੰਤਤ ਪਰਿਵਾਰ ਨੇ ਮਦਦ ਲਈ ਭਾਰਤੀ ਅਧਿਕਾਰੀਆਂ ਅਤੇ ਭਾਰਤੀ ਹਾਈ ਕਮਿਸ਼ਨ ਨਾਲ ਸੰਪਰਕ ਕੀਤਾ। ਪੁਲਸ ਦੇ ਅਨੁਸਾਰ, ਮੁਗਧਾ ਦੇ ਪਿਤਾ ਨੇ ਉਸ ਦੇ ਬੈਂਕ ਖਾਤੇ ਦੇ ਵੇਰਵਿਆਂ ਦੀ ਵੀ ਸਮੀਖਿਆ ਕੀਤੀ ਅਤੇ ਪਾਇਆ ਕਿ 8 ਅਕਤੂਬਰ ਤੋਂ 25 ਅਕਤੂਬਰ ਦੇ ਵਿਚਕਾਰ ਆਨਲਾਈਨ ਫੂਡ ਡਿਲੀਵਰੀ ਅਤੇ ਹੋਰ ਆਨਲਾਈਨ ਸੇਵਾ ਪਲੇਟਫਾਰਮਾਂ ‘ਤੇ ਕਈ ਲੈਣ-ਦੇਣ ਕੀਤੇ ਗਏ ਸਨ। ਇਨ੍ਹਾਂ ‘ਚੋਂ ਇਕ ਲੈਣ-ਦੇਣ ਛੱਤਰਪਤੀ ਸੰਭਾਜੀਨਗਰ ਦੇ ਉਸਮਾਨਪੁਰਾ ਖੇਤਰ ਤੋਂ ਕੀਤੇ ਜਾਣ ਦਾ ਸ਼ੱਕ ਸੀ। ਇਸ ਕਾਰਨ ਪਰਿਵਾਰ ਨੂੰ ਵਿਸ਼ਵਾਸ ਹੋਇਆ ਕਿ ਮੁਗਧਾ ਭਾਰਤ ‘ਚ ਹੋ ਸਕਦੀ ਹੈ। ਅਧਿਕਾਰੀ ਨੇ ਦੱਸਿਆ ਕਿ ਇਸ ਤੋਂ ਬਾਅਦ ਪਰਿਵਾਰ ਨੇ ਉਸ ਦੀ ਸੁਰੱਖਿਆ ਦੀਆਂ ਚਿੰਤਾਵਾਂ ਦੇ ਮੱਦੇਨਜ਼ਰ ਛਤਰਪਤੀ ਸੰਭਾਜੀਨਗਰ ਅਪਰਾਧ ਸ਼ਾਖਾ ਨਾਲ ਸੰਪਰਕ ਕੀਤਾ। ਪਿੰਪਰੀ ਚਿੰਚਵਾੜ ਦੇ ਸ਼ਿਰਗਾਓਂ ਪੁਲਸ ਸਟੇਸ਼ਨ ਦੇ ਸੀਨੀਅਰ ਇੰਸਪੈਕਟਰ ਦੇਵੇਂਦਰ ਚਵਾਨ ਨੇ ਕਿਹਾ,”ਛਤਰਪਤੀ ਸੰਭਾਜੀਨਗਰ ਪੁਲਸ ਨੇ ਮੁਗਧਾ ਦੀ ਲੋਕੇਸ਼ਨ ਗਹੁੰਜੇ ਦੇ ਲੋਧਾ ਬੇਲਮੋਂਡੋ ਕੰਪਲੈਕਸ ‘ਚ ਪਤਾ ਕੀਤੀ। ਅਸੀਂ ਉਸ ਫਲੈਟ ‘ਤੇ ਪਹੁੰਚੇ ਜਿੱਥੇ ਉਹ ਰਹਿ ਰਹੀ ਸੀ। ਅਸੀਂ ਇਕ ਚਾਬੀ ਬਣਾਉਣ ਵਾਲੇ ਦੀ ਮਦਦ ਨਾਲ ਫਲੈਟ ਖੋਲ੍ਹਿਆ ਅਤੇ ਅੰਦਰ ਉਸ ਦੀ ਲਾਸ਼ ਮਿਲੀ।” ਉਨ੍ਹਾਂ ਕਿਹਾ ਕਿ ਸਰੀਰ ‘ਤੇ ਸੱਟ ਦੇ ਕੋਈ ਬਾਹਰੀ ਨਿਸ਼ਾਨ ਨਹੀਂ ਸਨ ਅਤੇ ਮੌਤ ਦੇ ਸਹੀ ਕਾਰਨ ਦਾ ਪਤਾ ਲਗਾਉਣ ਲਈ ਉਸ ਦੇ ਵਿਸਰਾ ਨੂੰ ਸੁਰੱਖਿਅਤ ਰੱਖਿਆ ਗਿਆ ਹੈ। ਚਵਾਨ ਨੇ ਕਿਹਾ ਕਿ ਜਾਂਚ ਦੌਰਾਨ ਪੁਲਸ ਨੂੰ ਪਤਾ ਲੱਗਾ ਕਿ ਮੁਗਧਾ ਨੇ ਇਸ ਸਾਲ ਅਪ੍ਰੈਲ ‘ਚ ਫਲੈਟ ਕਿਰਾਏ ‘ਤੇ ਲਿਆ ਸੀ ਪਰ ਅਗਸਤ ‘ਚ ਯੂਕੇ ਤੋਂ ਵਾਪਸ ਆਉਣ ਤੋਂ ਬਾਅਦ ਹੀ ਉੱਥੇ ਰਹਿਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ।

