Government in Poland accused of staging a coup
ਪੋਲੈਂਡ ’ਚ ਸਰਕਾਰ ਉੱਤੇ ਹੀ ਤਖ਼ਤਾਪਲਟ ਦਾ ਦੋਸ਼
ਵਾਰਸਾ (ਆਵਾਜ਼ਿ ਕੌਮ ਬਿਊਰੋ)-ਪੋਲੈਂਡ ਦੇ ਪ੍ਰਧਾਨ ਮੰਤਰੀ ਡੋਨਾਲਡ ਟਸਕ ਦੀ ਸਰਕਾਰ ਨੇ ਦੇਸ਼ ਦੀ ਚੋਟੀ ਦੀ ਅਦਾਲਤ ਦੇ ਮੁਖੀ ਬੋਗਾਦ ਸ਼ਵਿਨਚਕੋਵਸਕੀ ਅਤੇ ਉਪ-ਮੁਖੀ ਬਾਰਤਲੋਮਿਜ ਸੋਚਾਨਸਕੀ ਨੂੰ ਮੁਅੱਤਲ ਕਰ ਦਿੱਤਾ ਹੈ। ਇਸ ਦੇ ਨਾਲ ਹੀ ਅਦਾਲਤ ਦੇ ਬਾਹਰ ਵੱਡੀ ਗਿਣਤੀ ’ਚ ਸੁਰੱਖਿਆ ਫੋਰਸ ਤਾਇਨਾਤ ਕਰ ਦਿੱਤੀ ਹੈ। ਵਿਰੋਧੀ ਧਿਰ ਦੀ ਸੱਜੇ-ਪੱਖੀ ‘ਲਾਅ ਐਂਡ ਜਸਟਿਸ’ ਪਾਰਟੀ ਅਤੇ ਅਦਾਲਤ ਦੇ ਅਧਿਕਾਰੀਆਂ ਨੇ ਸਰਕਾਰ ਉੱਤੇ ਹੀ ਤਖ਼ਤਾਪਲਟ ਦਾ ਦੋਸ਼ ਲਾਇਆ ਹੈ। ਦੂਜੇ ਪਾਸੇ ਸਰਕਾਰ ਦਾ ਦਾਅਵਾ ਹੈ ਕਿ ਇਹ ਨਿਆਂਪਾਲਿਕਾ ਵਿਚ ਕਾਨੂੰਨ ਦੇ ਸ਼ਾਸਨ ਨੂੰ ਮੁੜ ਬਹਾਲ ਕਰਨ ਦੀ ਕੋਸ਼ਿਸ਼ ਹੈ, ਕਿਉਂਕਿ ਇਹ ਜੱਜ ਪਿਛਲੀ ‘ਲਾਅ ਐਂਡ ਜਸਟਿਸ’ ਪਾਰਟੀ ਦੀ ਸਰਕਾਰ ਸਮੇਂ ਨਿਯੁਕਤ ਹੋਏ ਸਨ ਅਤੇ ਕੰਮਕਾਜ ਵਿਚ ਅੜਿੱਕਾ ਪਾ ਰਹੇ ਸਨ। ਪੋਲੈਂਡ ਵਿਚ ਅਮਰੀਕਾ ਦੇ ਰਾਜਦੂਤ ਟੌਮ ਰੋਜ਼ ਨੇ ‘ਐਕਸ’ ਉੱਤੇ ਇਕ ਪੋਸਟ ਪਾ ਕੇ ਵਾਰਸਾ ਦੇ ਇਸ ਅੰਦਰੂਨੀ ਮਾਮਲੇ ’ਤੇ ਪ੍ਰਤੀਕਿਰਿਆ ਦਿੱਤੀ ਹੈ। ਰੋਜ਼ ਨੇ ਕਿਹਾ ਹੈ ਕਿ ਜੋ ਘਟਨਾਚੱਕਰ ਸਾਹਮਣੇ ਆ ਰਿਹਾ ਹੈ, ਉਹ ਅਸਲ ਵਿਚ ਬਹੁਤ ਗੰਭੀਰ ਹੈ। ਅਸੀਂ ਇਕ ਬੇਮਿਸਾਲ ਟਕਰਾਅ ਦੇਖ ਰਹੇ ਹਾਂ। ਹਜ਼ਾਰਾਂ ਲੋਕਾਂ ਦਾ ਕੋਰਟ ਦੇ ਬਾਹਰ ਜੁੜਨਾ ਇਸ ਖ਼ਤਰਨਾਕ ਸਥਿਤੀ ਨੂੰ ਹੋਰ ਵੀ ਭੜਕਾਊ ਬਣਾ ਰਿਹਾ ਹੈ। ਪੋਲੈਂਡ ਨੂੰ ਅਜਿਹੇ ਟਕਰਾਅ ਦੀ ਬਿਲਕੁਲ ਲੋੜ ਨਹੀਂ ਹੈ, ਜੋ ਕੰਟਰੋਲ ਤੋਂ ਬਾਹਰ ਹੋ ਜਾਵੇ। ਮੌਜੂਦਾ ਸਰਕਾਰ ਦੇ ਸਮੇਂ ਸੰਸਦ ਨੇ ਜਿਨ੍ਹਾਂ ਜੱਜਾਂ ਦੀ ਚੋਣ ਕੀਤੀ ਸੀ, ਉਨ੍ਹਾਂ ਨੂੰ ਮੁਖੀ ਸ਼ਵਿਨਚਕੋਵਸਕੀ ਨੇ ਪਿਛਲੇ 6 ਮਹੀਨਿਆਂ ਤੋਂ ਆਪਣਾ ਚਾਰਜ ਸੰਭਾਲਣ ਅਤੇ ਮਾਮਲਿਆਂ ਦੀ ਸੁਣਵਾਈ ਤੋਂ ਰੋਕ ਰੱਖਿਆ ਸੀ।

