Protests by young people intensify in Europe; 70,000 police personnel deployed in France
ਯੂਰਪ ’ਚ ਨੌਜਵਾਨਾਂ ਦਾ ਪ੍ਰਦਰਸ਼ਨ ਤੇਜ਼, ਫਰਾਂਸ ’ਚ 70 ਹਜ਼ਾਰ ਪੁਲਸ ਮੁਲਾਜ਼ਮ ਤਾਇਨਾਤ
ਪੈਰਿਸ (ਆਵਾਜ਼ਿ ਕੌਮ ਬਿਊਰੋ)-ਯੂਰਪ ਦੇ ਕਈ ਦੇਸ਼ਾਂ ’ਚ ਰਹਿਣ-ਸਹਿਣ ਦੀ ਵਧਦੀ ਲਾਗਤ, ਸਿੱਖਿਆ ਅਤੇ ਹੋਰ ਮੁੱਦਿਆਂ ਨੂੰ ਲੈ ਕੇ ਨੌਜਵਾਨਾਂ ਦੇ ਵਿਰੋਧ-ਪ੍ਰਦਰਸ਼ਨ ਤੇਜ਼ ਹੋ ਗਏ ਹਨ। ਫਰਾਂਸ ’ਚ ਲਗਾਤਾਰ ਤੀਜੇ ਹਫਤੇ ਹੋਣ ਵਾਲੇ ਪ੍ਰਦਰਸ਼ਨਾਂ ਨੂੰ ਦੇਖਦੇ ਹੋਏ ਸਰਕਾਰ ਨੇ 70 ਹਜ਼ਾਰ ਪੁਲਸ ਮੁਲਾਜ਼ਮਾਂ ਅਤੇ ਸੁਰੱਖਿਆ ਫੋਰਸਾਂ ਨੂੰ ਤਾਇਨਾਤ ਕੀਤਾ ਹੈ। ਗ੍ਰਹਿ ਮੰਤਰੀ ਲਾਰੈਂਟ ਨੁਨੇਜ਼ ਨੇ ਹੈਲੋਵੀਨ ਦੌਰਾਨ, ਖਾਸ ਕਰ ਕੇ ਰਾਤ ਨੂੰ ਅਸ਼ਾਂਤੀ ਫੈਲਣ ਦਾ ਖਦਸ਼ਾ ਪ੍ਰਗਟਾਇਆ ਹੈ। ਪੈਰਿਸ ’ਚ ਯੂਨੀਅਨਾਂ ਅਤੇ ‘ਯੈਲੋ ਵੈਸਟ’ ਪ੍ਰਦਰਸ਼ਨਕਾਰੀਆਂ ਦੇ ਮਾਰਚ ਦਾ ਰਸਤਾ ਬਦਲ ਦਿੱਤਾ ਗਿਆ ਹੈ। ਹੁਣ ਉਨ੍ਹਾਂ ਨੂੰ ਰਾਜਧਾਨੀ ਦੇ ਬਾਹਰੀ ਇਲਾਕੇ ’ਚ ਨਿਰਧਾਰਤ ਮਾਰਗ ’ਤੇ ਹੀ ਮੁਜ਼ਾਹਰੇ ਦੀ ਮਨਜ਼ੂਰੀ ਹੈ। ਵਿਦਿਆਰਥੀ ਸੰਗਠਨਾਂ ਅਤੇ ਯੂਨੀਅਨਾਂ ਨੇ ਇਸ ਫੈਸਲੇ ਨੂੰ ਅਦਾਲਤ ’ਚ ਚੁਣੌਤੀ ਦਿੱਤੀ, ਪਰ ਉਨ੍ਹਾਂ ਨੂੰ ਰਾਹਤ ਨਹੀਂ ਮਿਲੀ। ਪੁਲਸ ਨੇ ਪਲੇਸ ਡੇ ਲਾ ਰਿਪਬਲਿਕ ਅਤੇ ਲੈਸ ਹਾਲੇਸ ਵਰਗੇ ਮੁੱਖ ਸਥਾਨਾਂ ’ਤੇ ਵੀ ਸ਼ਨੀਵਾਰ ਅਤੇ ਐਤਵਾਰ ਦੇ ਰਾਤ 11 ਵਜੇ ਤੋਂ ਸਵੇਰੇ 6 ਵਜੇ ਤੱਕ ਲੋਕਾਂ ਦੇ ਦਾਖਲੇ ’ਤੇ ਰੋਕ ਲਾ ਦਿੱਤੀ ਹੈ। ਜਰਮਨੀ ’ਚ ‘ਜੇਨ ਜ਼ੈੱਡ ਰੇਗੇਲਟ’ ਨਾਂ ਦੇ ਯੁਵਾ ਸਮੂਹ ਨੇ ਲੱਗਭਗ 30 ਸ਼ਹਿਰਾਂ ’ਚ ਪ੍ਰਦਰਸ਼ਨ ਦਾ ਸੱਦਾ ਦਿੱਤਾ ਹੈ। ਉੱਥੇ ਹੀ, ਸਪੇਨ ਦੇ ਬਾਰਸੀਲੋਨਾ ’ਚ ਕੈਟਲਨ ਪੁਲਸ ਨੇ ਸੁਰੱਖਿਆ ਪ੍ਰਬੰਧ ਸਖਤ ਕਰਨ ਦੀ ਤਿਆਰੀ ਕੀਤੀ ਹੈ।

