Cancer crisis continues in Punjab; 13,299 women died in 5 years
ਪੰਜਾਬ ’ਚ ਕੈਂਸਰ ਦਾ ਕਹਿਰ ਜਾਰੀ; 5 ਸਾਲਾਂ ’ਚ 13,299 ਔਰਤਾਂ ਦੀ ਮੌਤ
ਅੰਮ੍ਰਿਤਸਰ (ਆਵਾਜ਼ਿ ਕੌਮ ਬਿਊਰੋ)-ਪੰਜਾਬ ’ਚ ਔਰਤਾਂ ਲਈ ਛਾਤੀ ਦਾ ਕੈਂਸਰ (ਬ੍ਰੈਸਟ ਕੈਂਸਰ) ਤੇਜ਼ੀ ਨਾਲ ਗੰਭੀਰ ਸਿਹਤ ਚੁਣੌਤੀ ਬਣਦਾ ਜਾ ਰਿਹਾ ਹੈ। ਬੀਮਾਰੀ ਦੀ ਭਿਆਨਕਤਾ ਦਾ ਅੰਦਾਜ਼ਾ ਇਸੇ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਸਾਲ 2021 ਤੋਂ 2025 ਦਰਮਿਆਨ ਸੂਬੇ ’ਚ ਕੈਂਸਰ ਕਾਰਨ 13,299 ਔਰਤਾਂ ਦੀ ਮੌਤ ਹੋਈ, ਜਿਨ੍ਹਾਂ ’ਚੋਂ 7,186 ਔਰਤਾਂ ਦੀ ਜਾਨ ਛਾਤੀ ਦੇ ਕੈਂਸਰ ਨੇ ਲਈ। ਚਿੰਤਾਜਨਕ ਪਹਿਲੂ ਇਹ ਹੈ ਕਿ ਜਾਗਰੂਕਤਾ ਮੁਹਿੰਮਾਂ ਦੇ ਬਾਵਜੂਦ ਵੱਡੀ ਗਿਣਤੀ ’ਚ ਔਰਤਾਂ ਬੀਮਾਰੀ ਦੇ ਸ਼ੁਰੂਆਤੀ ਲੱਛਣਾਂ ਨੂੰ ਪਛਾਣਨ ’ਚ ਦੇਰੀ ਕਰ ਰਹੀਆਂ ਹਨ। ਕਈ ਔਰਤਾਂ ਛਾਤੀ ’ਚ ਗੰਢ ਜਾਂ ਸਰੀਰਕ ਬਦਲਾਅ ਨੂੰ ਆਮ ਸਮੱਸਿਆ ਸਮਝ ਕੇ ਨਜ਼ਰਅੰਦਾਜ਼ ਕਰ ਦਿੰਦੀਆਂ ਹਨ ਪਰ ਇਹੋ ਲਾਪ੍ਰਵਾਹੀ ਅੱਗੇ ਚੱਲ ਕੇ ਜਾਨਲੇਵਾ ਸਾਬਿਤ ਹੋ ਸਕਦੀ ਹੈ। ਸਾਲ 2025 ’ਚ ਹੀ ਛਾਤੀ ਦੇ ਕੈਂਸਰ ਕਾਰਨ 1,457 ਔਰਤਾਂ ਦੀ ਮੌਤ ਦਰਜ ਕੀਤੀ ਗਈ। ਸਿਹਤ ਵਿਭਾਗ ਵੱਲੋਂ 17 ਤੋਂ 23 ਅਕਤੂਬਰ ਤੱਕ ਛਾਤੀ ਦੇ ਕੈਂਸਰ ਬਾਰੇ ਜਾਗਰੂਕਤਾ ਮੁਹਿੰਮ ਚਲਾਈ ਗਈ। ਇਸ ਦਾ ਉਦੇਸ਼ ਔਰਤਾਂ ਨੂੰ ਬੀਮਾਰੀ ਦੇ ਲੱਛਣਾਂ, ਸਮੇਂ ਸਿਰ ਜਾਂਚ ਅਤੇ ਇਲਾਜ ਪ੍ਰਤੀ ਜਾਗਰੂਕ ਕਰਨਾ ਹੈ। ਛਾਤੀ ਦੇ ਕੈਂਸਰ ਦੇ ਸ਼ੁਰੂਆਤੀ ਲੱਛਣਾਂ ’ਚ ਛਾਤੀ ’ਚ ਨਵੀਂ ਗੰਢ ਬਣਨਾ, ਚਮੜੀ ’ਚ ਬਦਲਾਅ ਆਉਣਾ, ਛਾਤੀ ਦੇ ਆਕਾਰ ’ਚ ਤਬਦੀਲੀ ਹੋਣਾ ਤੇ ਨਿੱਪਲ ਦਾ ਅੰਦਰ ਵੱਲ ਮੁੜਨਾ ਸ਼ਾਮਲ ਹਨ। ਕਈ ਮਾਮਲਿਆਂ ’ਚ ਸ਼ੁਰੂਆਤੀ ਅਵਸਥਾ ’ਚ ਦਰਦ ਨਹੀਂ ਹੁੰਦਾ, ਜਿਸ ਕਾਰਨ ਔਰਤਾਂ ਇਸ ਨੂੰ ਆਮ ਪ੍ਰੇਸ਼ਾਨੀ ਸਮਝ ਕੇ ਇਲਾਜ ਕਰਵਾਉਣ ’ਚ ਦੇਰੀ ਕਰ ਦਿੰਦੀਆਂ ਹਨ। ਮਾਹਿਰਾਂ ਅਨੁਸਾਰ ਛਾਤੀ ’ਚ ਕਿਸੇ ਵੀ ਤਰ੍ਹਾਂ ਦੀ ਅਸਧਾਰਨ ਗੰਢ ਜਾਂ ਬਦਲਾਅ ਮਹਿਸੂਸ ਹੋਣ ’ਤੇ ਤੁਰੰਤ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ। ਸਮੇਂ ਸਿਰ ਜਾਂਚ ਹੋਣ ਨਾਲ ਬੀਮਾਰੀ ਦੀ ਸ਼ੁਰੂਆਤੀ ਅਵਸਥਾ ’ਚ ਪਛਾਣ ਸੰਭਵ ਹੈ ਅਤੇ ਇਲਾਜ ਦੇ ਬਿਹਤਰ ਨਤੀਜੇ ਮਿਲਣ ਦੀ ਸੰਭਾਵਨਾ ਵਧ ਜਾਂਦੀ ਹੈ। ਕੈਂਸਰ ਦੇ ਵਧਦੇ ਮਾਮਲਿਆਂ ਵਿਚਕਾਰ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਸਥਿਤ ਸਟੇਟ ਕੈਂਸਰ ਇੰਸਟੀਚਿਊਟ ਮਰੀਜ਼ਾਂ ਲਈ ਮਹੱਤਵਪੂਰਨ ਇਲਾਜ ਕੇਂਦਰ ਬਣ ਕੇ ਉੱਭਰਿਆ ਹੈ। ਇੱਥੇ ਕੈਂਸਰ ਪੀੜਤਾਂ ਦਾ ਮਾਹਿਰ ਡਾਕਟਰਾਂ ਦੀ ਟੀਮ ਦੀ ਦੇਖ-ਰੇਖ ’ਚ ਆਧੁਨਿਕ ਡਾਕਟਰੀ ਸਹੂਲਤਾਂ ਨਾਲ ਬਿਹਤਰ ਢੰਗ ਨਾਲ ਇਲਾਜ ਕੀਤਾ ਜਾ ਰਿਹਾ ਹੈ। ਸੰਸਥਾ ’ਚ ਉਪਲੱਬਧ ਆਧੁਨਿਕ ਮਸ਼ੀਨਾਂ ਅਤੇ ਇਲਾਜ ਤਕਨੀਕਾਂ ਕਾਰਨ ਮਰੀਜ਼ਾਂ ਨੂੰ ਇਕੋ ਸੰਸਥਾ ’ਚ ਰੇਡੀਏਸ਼ਨ ਸਮੇਤ ਕੈਂਸਰ ਦੇ ਵੱਖ-ਵੱਖ ਇਲਾਜਾਂ ਦੀਆਂ ਸਹੂਲਤਾਂ ਮਿਲ ਰਹੀਆਂ ਹਨ। ਇਸ ਦਾ ਅੰਦਾਜ਼ਾ ਇਸੇ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਇੱਥੇ ਸਿਰਫ ਅੰਮ੍ਰਿਤਸਰ ਜ਼ਿਲ੍ਹੇ ਦੇ ਮਰੀਜ਼ ਹੀ ਨਹੀਂ ਸਗੋਂ ਗੁਰਦਾਸਪੁਰ, ਪਠਾਨਕੋਟ, ਤਰਨਤਾਰਨ ਸਮੇਤ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਵੀ ਮਰੀਜ਼ ਇਲਾਜ ਕਰਵਾਉਣ ਪਹੁੰਚ ਰਹੇ ਹਨ। ਇੰਨਾ ਹੀ ਨਹੀਂ ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਵਰਗੇ ਬਾਹਰੀ ਸੂਬਿਆਂ ਤੋਂ ਵੀ ਕੈਂਸਰ ਪੀੜਤ ਮਰੀਜ਼ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਦੇ ਸਟੇਟ ਕੈਂਸਰ ਇੰਸਟੀਚਿਊਟ ’ਚ ਇਲਾਜ ਲਈ ਆ ਰਹੇ ਹਨ। ਸਟੇਟ ਕੈਂਸਰ ਇੰਸਟੀਚਿਊਟ ਦੇ ਰੇਡੀਏਸ਼ਨ ਓਨਕੋਲੋਜੀ ਵਿਭਾਗ ’ਚ ਆਧੁਨਿਕ ਵੈਰੀਅਨ ਡਿਊਲਮ ਲੀਨੀਅਰ ਐਕਸੀਲੇਰੇਟਰ ਉਪਲੱਬਧ ਹੈ। ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਦੇ ਸਟੇਟ ਕੈਂਸਰ ਇੰਸਟੀਚਿਊਟ ਦੇ ਰੇਡੀਏਸ਼ਨ ਓਨਕੋਲੋਜੀ ਵਿਭਾਗ ਦੇ ਪ੍ਰੋਫੈਸਰ ਅਤੇ ਨੋਡਲ ਅਧਿਕਾਰੀ ਡਾ. ਮਨਰਾਜ ਸਿੰਘ ਕੰਗ ਅਨੁਸਾਰ ਇਸ ਰਾਹੀਂ ਆਈ. ਐੱਮ. ਆਰ. ਟੀ., ਆਈ. ਜੀ. ਆਰ. ਟੀ. ਅਤੇ ਵੀਮੈਟ ਵਰਗੀਆਂ ਅਤਿ-ਆਧੁਨਿਕ ਤਕਨੀਕਾਂ ਨਾਲ ਮਰੀਜ਼ਾਂ ਨੂੰ ਰੇਡੀਏਸ਼ਨ ਇਲਾਜ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਬੀਮਾਰੀ ਦੀ ਸਥਿਤੀ ਅਤੇ ਮਰੀਜ਼ ਦੀ ਡਾਕਟਰੀ ਲੋੜ ਅਨੁਸਾਰ ਕੀਮੋਥੈਰੇਪੀ, ਇਮਿਊਨੋਥੈਰੇਪੀ ਅਤੇ ਚੋਣਵੇਂ ਮਾਮਲਿਆਂ ’ਚ ਇੰਟਰਵੈਂਸ਼ਨਲ ਬ੍ਰੈਕੀਥੈਰੇਪੀ ਦੀ ਸਹੂਲਤ ਵੀ ਉਪਲੱਬਧ ਕਰਵਾਈ ਜਾ ਰਹੀ ਹੈ। ਮਰੀਜ਼ਾਂ ਦੀ ਜਾਂਚ ਰਿਪੋਰਟ ਅਤੇ ਬੀਮਾਰੀ ਦੀ ਅਵਸਥਾ ਅਨੁਸਾਰ ਇਲਾਜ ਦੀ ਯੋਜਨਾ ਤਿਆਰ ਕਰਦੇ ਹਨ। ਆਧੁਨਿਕ ਤਕਨੀਕਾਂ ਦਾ ਉਦੇਸ਼ ਇਲਾਜ ਨੂੰ ਵੱਧ ਪ੍ਰਭਾਵਸ਼ਾਲੀ ਬਣਾਉਣਾ ਅਤੇ ਆਲੇ-ਦੁਆਲੇ ਦੇ ਸਿਹਤਮੰਦ ਅੰਗਾਂ ’ਤੇ ਰੇਡੀਏਸ਼ਨ ਦੇ ਅਣਚਾਹੇ ਪ੍ਰਭਾਵ ਨੂੰ ਘੱਟ ਕਰਨਾ ਹੈ। ਕੈਂਸਰ ਵਿਰੁੱਧ ਲੜਾਈ ’ਚ ਆਧੁਨਿਕ ਇਲਾਜ ਸਹੂਲਤਾਂ ਦੇ ਨਾਲ-ਨਾਲ ਮਰੀਜ਼ਾਂ ਨੂੰ ਸਮੇਂ ਸਿਰ ਹਸਪਤਾਲ ਪਹੁੰਚਾਉਣਾ ਵੀ ਓਨਾ ਹੀ ਮਹੱਤਵਪੂਰਨ ਹੈ। ਛਾਤੀ ਦੇ ਕੈਂਸਰ ਦੇ ਵਧਦੇ ਅੰਕੜੇ ਇਸ ਗੱਲ ਵੱਲ ਇਸ਼ਾਰਾ ਕਰ ਰਹੇ ਹਨ ਕਿ ਔਰਤਾਂ ’ਚ ਸਿਹਤ ਸਬੰਧੀ ਜਾਗਰੂਕਤਾ ਵਧਾਉਣ ਦੀ ਲੋੜ ਹੈ। ਸਮਾਜਿਕ ਸੰਗ-ਝਿਜਕ, ਜਾਣਕਾਰੀ ਦੀ ਘਾਟ ਅਤੇ ਲੱਛਣਾਂ ਨੂੰ ਨਜ਼ਰਅੰਦਾਜ਼ ਕਰਨ ਦੀ ਆਦਤ ਕਈ ਵਾਰ ਇਲਾਜ ’ਚ ਦੇਰੀ ਦਾ ਕਾਰਨ ਬਣਦੀ ਹੈ। ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਦੇ ਸਟੇਟ ਕੈਂਸਰ ਇੰਸਟੀਚਿਊਟ ਦੇ ਰੇਡੀਏਸ਼ਨ ਓਨਕੋਲੋਜੀ ਵਿਭਾਗ ਦੇ ਪ੍ਰੋਫੈਸਰ ਅਤੇ ਨੋਡਲ ਅਧਿਕਾਰੀ ਡਾ. ਮਨਰਾਜ ਸਿੰਘ ਕੰਗ ਅਨੁਸਾਰ ਛਾਤੀ ਦੇ ਕੈਂਸਰ ਦੇ ਇਲਾਜ ’ਚ ਬੀਮਾਰੀ ਦੀ ਸਮੇਂ ਸਿਰ ਪਛਾਣ ਸਭ ਤੋਂ ਮਹੱਤਵਪੂਰਨ ਹੈ। ਔਰਤਾਂ ਨੂੰ ਛਾਤੀ ’ਚ ਗੰਢ, ਚਮੜੀ ’ਚ ਬਦਲਾਅ ਜਾਂ ਕਿਸੇ ਹੋਰ ਅਸਧਾਰਨ ਲੱਛਣ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਸਮੇਂ ਸਿਰ ਜਾਂਚ ਨਾਲ ਬੀਮਾਰੀ ਦੀ ਸ਼ੁਰੂਆਤੀ ਅਵਸਥਾ ’ਚ ਪਛਾਣ ਕਰ ਕੇ ਯੋਗ ਇਲਾਜ ਸ਼ੁਰੂ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਸਟੇਟ ਕੈਂਸਰ ਇੰਸਟੀਚਿਊਟ ’ਚ ਵੈਰੀਅਨ ਡਿਊਲਮ ਲੀਨੀਅਰ ਐਕਸੀਲੇਰੇਟਰ ਰਾਹੀਂ ਆਈ. ਐੱਮ. ਆਰ. ਟੀ., ਆਈ. ਜੀ. ਆਰ. ਟੀ. ਅਤੇ ਵੀਮੈਟ ਵਰਗੀਆਂ ਆਧੁਨਿਕ ਤਕਨੀਕਾਂ ਨਾਲ ਰੇਡੀਏਸ਼ਨ ਇਲਾਜ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਕੀਮੋਥੈਰੇਪੀ, ਇਮਿਊਨੋਥੈਰੇਪੀ ਅਤੇ ਚੋਣਵੇਂ ਮਾਮਲਿਆਂ ’ਚ ਇੰਟਰਵੈਂਸ਼ਨਲ ਬ੍ਰੈਕੀਥੈਰੇਪੀ ਦੀ ਸਹੂਲਤ ਵੀ ਉਪਲੱਬਧ ਹੈ। ਸੰਸਥਾ ’ਚ ਮਾਹਿਰ ਡਾਕਟਰਾਂ ਦੀ ਟੀਮ ਮਰੀਜ਼ਾਂ ਨੂੰ ਬਿਹਤਰ ਡਾਕਟਰੀ ਸੇਵਾਵਾਂ ਪ੍ਰਦਾਨ ਕਰ ਰਹੀ ਹੈ।

Cancer crisis continues in Punjab; 13,299 women died in 5 years
