No one had even imagined what the employee would do upon not receiving his salary
ਤਨਖ਼ਾਹ ਨਾ ਮਿਲਣ ‘ਤੇ ਮੁਲਾਜ਼ਮ ਨੇ ਜੋ ਕੀਤਾ, ਕਿਸੇ ਨੇ ਸੋਚਿਆ ਵੀ ਨਾ ਸੀ
ਖਰੜ (ਆਵਾਜ਼ਿ ਕੌਮ ਬਿਊਰੋ)-ਇੱਥੇ ਲਾਂਡਰਾਂ-ਖਰੜ ਰੋਡ ਸਥਿਤ ਸੈਕਟਰ-116 ਦੀ ਸੋਮਦੱਤਜ਼ ਲੈਂਡਮਾਰਕ ਅਪਾਰਟਮੈਂਟ ਸੁਸਾਇਟੀ ਦੇ ਮੁੱਖ ਗੇਟ ਸਾਹਮਣੇ ਖ਼ੁਦ ‘ਤੇ ਤਾਰਪੀਨ ਦਾ ਤੇਲ ਛਿੜਕ ਕੇ ਅੱਗ ਲਾਉਣ ਵਾਲੇ ਪਿੰਡ ਸੰਤੇਮਾਜਰਾ ਦੇ 49 ਸਾਲਾ ਵਿਅਕਤੀ ਦੀ ਇਲਾਜ ਦੌਰਾਨ ਮੌਤ ਹੋ ਗਈ। ਉਸ ਨੂੰ ਗੰਭੀਰ ਹਾਲਤ ’ਚ ਪਹਿਲਾਂ ਸਿਵਲ ਹਸਪਤਾਲ ਖਰੜ, ਫਿਰ ਮੋਹਾਲੀ ਅਤੇ ਬਾਅਦ ’ਚ ਪੀ. ਜੀ. ਆਈ. ਚੰਡੀਗੜ੍ਹ ਵਿਖੇ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ 30 ਅਕਤੂਬਰ ਨੂੰ ਉਸ ਦੀ ਮੌਤ ਹੋ ਗਈ। ਇਸ ਮਾਮਲੇ ’ਚ ਮ੍ਰਿਤਕ ਦੇ ਪੁੱਤਰ ਮੰਨਤ ਉਰਫ਼ ਮੰਨੂ ਵਾਸੀ ਸੰਤੇਮਾਜਰਾ ਨੇ ਪੁਲਸ ਨੂੰ ਦਿੱਤੇ ਬਿਆਨ ’ਚ ਸੁਸਾਇਟੀ ਦੇ ਮੈਨੇਜਰ ਗੁਰਵੇਲ ਸਿੰਘ, ਨਗਰ ਕੌਂਸਲ ਦੇ ਸੁਪਰਵਾਈਜ਼ਰ ਗੁਰਵਿੰਦਰ ਸਿੰਘ ਅਤੇ ਚੂਹੜ ਸਿੰਘ ’ਤੇ ਗੰਭੀਰ ਦੋਸ਼ ਲਾਏ ਹਨ। ਸ਼ਿਕਾਇਤਕਰਤਾ ਅਨੁਸਾਰ ਉਸ ਦਾ ਪਿਤਾ ਸੋਮਦੱਤਜ਼ ਲੈਂਡਮਾਰਕ ਅਪਾਰਟਮੈਂਟ ਸੁਸਾਇਟੀ ’ਚ ਘਰਾਂ ਤੋਂ ਕੂੜਾ ਚੁੱਕਣ ਦਾ ਕੰਮ ਕਰਦਾ ਸੀ ਅਤੇ ਪਿਛਲੇ 7 ਮਹੀਨਿਆਂ ਤੋਂ ਉਸ ਨੂੰ ਤਨਖ਼ਾਹ ਨਹੀਂ ਦਿੱਤੀ ਜਾ ਰਹੀ ਸੀ। ਉਸ ਦਾ ਪਿਤਾ ਅਕਸਰ ਘਰ ’ਚ ਦੱਸਦਾ ਸੀ ਕਿ ਸੁਸਾਇਟੀ ’ਚ ਕੰਮ ਦੌਰਾਨ ਉਸ ਨੂੰ ਕਥਿਤ ਤੌਰ ’ਤੇ ਤੰਗ ਕੀਤਾ ਜਾਂਦਾ ਸੀ। ਉਸ ਨੇ ਦੋਸ਼ ਲਾਇਆ ਕਿ ਉਕਤ ਵਿਅਕਤੀ ਉਸ ਨੂੰ ਇਕ ਕਮਰੇ ’ਚ ਲਿਜਾ ਕੇ ਕਥਿਤ ਤੌਰ ’ਤੇ ਬਿਜਲੀ ਦਾ ਕਰੰਟ ਲਾਉਂਦੇ ਸਨ ਅਤੇ ਜਾਤੀਸੂਚਕ ਸ਼ਬਦ ਬੋਲ ਕੇ ਜ਼ਲੀਲ ਕਰਦੇ ਸਨ। ਤਨਖ਼ਾਹ ਨਾ ਮਿਲਣ ਕਾਰਨ ਪਰਿਵਾਰ ਦੀ ਆਰਥਿਕ ਹਾਲਤ ਵੀ ਖ਼ਰਾਬ ਹੋ ਗਈ ਸੀ ਅਤੇ ਘਰੇਲੂ ਸਮਾਨ ਲਈ ਲਏ ਉਧਾਰ ਦੀ ਅਦਾਇਗੀ ਨਾ ਹੋਣ ਕਾਰਨ ਦੁਕਾਨਦਾਰ ਵੀ ਘਰ ਆ ਕੇ ਪੈਸੇ ਮੰਗਦੇ ਸਨ। ਉਸ ਦੇ ਪਿਤਾ ਨੇ ਕਈ ਵਾਰ ਸੁਸਾਇਟੀ ਦੇ ਮੈਨੇਜਰ ਤੇ ਹੋਰ ਸਬੰਧਿਤ ਵਿਅਕਤੀਆਂ ਕੋਲ ਆਪਣੀ ਬਕਾਇਆ ਤਨਖ਼ਾਹ ਦੀ ਮੰਗ ਕੀਤੀ ਸੀ ਪਰ ਉਸ ਨੂੰ ਤਨਖ਼ਾਹ ਦੇਣ ਦੀ ਬਜਾਏ ਕਥਿਤ ਤੌਰ ’ਤੇ ਬੇਇੱਜ਼ਤ ਕੀਤਾ ਜਾਂਦਾ ਸੀ। 22 ਅਕਤੂਬਰ ਨੂੰ ਉਸ ਦੇ ਪਿਤਾ ਨੇ ਸੁਸਾਇਟੀ ਦੇ ਮੁੱਖ ਗੇਟ ਸਾਹਮਣੇ ਜਾ ਕੇ ਕਿਹਾ ਸੀ ਕਿ ਉਹ ਅੱਜ ਆਪਣੀ 7 ਮਹੀਨਿਆਂ ਦੀ ਬਕਾਇਆ ਤਨਖ਼ਾਹ ਲੈ ਕੇ ਹੀ ਜਾਵੇਗਾ। ਇਸ ਤੋਂ ਬਾਅਦ ਉਸ ਨੇ ਆਪਣੇ ਕੋਲ ਮੌਜੂਦ ਇਕ ਲੀਟਰ ਦੀ ਪਲਾਸਟਿਕ ਬੋਤਲ ’ਚੋਂ ਤਾਰਪੀਨ ਦਾ ਤੇਲ ਆਪਣੇ ‘ਤੇ ਛਿੜਕ ਕੇ ਅੱਗ ਲਾ ਲਈ। ਸੁਸਾਇਟੀ ਦੇ ਸੁਰੱਖਿਆ ਗਾਰਡ ਦੀ ਮਦਦ ਨਾਲ ਅੱਗ ਬੁਝਾਈ ਗਈ ਪਰ ਉਦੋਂ ਤੱਕ ਉਸ ਦਾ ਸਰੀਰ ਕਾਫ਼ੀ ਹੱਦ ਤੱਕ ਝੁਲਸ ਚੁੱਕਾ ਸੀ। ਪੁਲਸ ਨੇ ਪ੍ਰਾਪਤ ਬਿਆਨਾਂ ਦੇ ਆਧਾਰ ’ਤੇ ਮੈਨੇਜਰ ਗੁਰਵੇਲ ਸਿੰਘ, ਨਗਰ ਕੌਂਸਲ ਦੇ ਸੁਪਰਵਾਈਜ਼ਰ ਗੁਰਵਿੰਦਰ ਸਿੰਘ ਤੇ ਚੂਹੜ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

