Major breakthrough in the Mahadev app case! Kingpin Saurabh Chandrakar brought to India from Oman
ਮਹਾਦੇਵ ਐਪ ਮਾਮਲੇ ‘ਚ ਵੱਡੀ ਸਫਲਤਾ ! ਕਿੰਗਪਿਨ ਸੌਰਭ ਚੰਦਰਾਕਰ ਨੂੰ ਓਮਾਨ ਤੋਂ ਲਿਆਂਦਾ ਭਾਰਤ
New Delhi, (ਆਵਾਜ਼ਿ ਕੌਮ ਬਿਊਰੋ)-ਮਹਾਦੇਵ ਆਨਲਾਈਨ ਸੱਟੇਬਾਜ਼ੀ ਐਪ ਮਾਮਲੇ ਦੇ ਮੁੱਖ ਮੁਲਜ਼ਮ ਤੇ ਸਿੰਡੀਕੇਟ ਦੇ ਪ੍ਰਮੋਟਰ ਸੌਰਭ ਚੰਦਰਾਕਰ ਨੂੰ ਓਮਾਨ ਤੋਂ ਭਾਰਤ ਲਿਆਂਦਾ ਗਿਆ ਹੈ। ਕੇਂਦਰੀ ਜਾਂਚ ਬਿਊਰੋ (CBI) ਦੀ ਵਿਸ਼ੇਸ਼ ਟੀਮ ਉਸਨੂੰ ਮਸਕਟ ਤੋਂ ਭਾਰਤ ਲੈ ਕੇ ਪਹੁੰਚ ਚੁੱਕੀ ਹੈ। ਭਾਰਤ ਪਹੁੰਚਣ ਤੋਂ ਬਾਅਦ ਮੁਲਜ਼ਮ ਦੀ ਮੈਡੀਕਲ ਜਾਂਚ ਕਰਵਾਈ ਜਾਵੇਗੀ ਤੇ ਟ੍ਰਾਂਜ਼ਿਟ ਰਿਮਾਂਡ ਹਾਸਲ ਕਰਕੇ ਉਸਨੂੰ ਰਾਏਪੁਰ ਲਿਜਾਇਆ ਜਾਵੇਗਾ, ਜਿੱਥੇ ਕੱਲ੍ਹ ਉਸਨੂੰ ਸੀਬੀਆਈ ਦੀ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਸੌਰਭ ਚੰਦਰਾਕਰ ਦੇ ਖ਼ਿਲਾਫ਼ ਇੰਟਰਪੋਲ ਦੁਆਰਾ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਸੀ, ਜਿਸ ਦੇ ਆਧਾਰ ‘ਤੇ ਰਾਇਲ ਓਮਾਨ ਪੁਲਸ ਨੇ ਉਸਨੂੰ ਹਿਰਾਸਤ ਵਿੱਚ ਲਿਆ ਸੀ। ਸੀਬੀਆਈ ਅਤੇ ਈਡੀ ਦੁਆਰਾ ਭੇਜੀ ਗਈ ਰਸਮੀ ਸਪੁਰਦਗੀ ਬੇਨਤੀ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਹੀ ਇਹ ਕਾਰਵਾਈ ਸੰਭਵ ਹੋਈ ਹੈ। ਚੰਦਰਾਕਰ ਸੀਬੀਆਈ ਦੇ 2 ਮਾਮਲਿਆਂ ਵਿੱਚ ਵਾਂਟੇਡ ਹੈ ਜਿਨ੍ਹਾਂ ਵਿੱਚ ਪਹਿਲਾਂ ਹੀ ਚਾਰਜਸ਼ੀਟ ਦਾਇਰ ਕੀਤੀ ਜਾ ਚੁੱਕੀ ਹੈ, ਜਦੋਂ ਕਿ ਈਡੀ ਦੇ ਕੇਸ ਵਿੱਚ ਪ੍ਰੋਸੀਕਿਊਸ਼ਨ ਸ਼ਿਕਾਇਤ ਦਾਇਰ ਕੀਤੀ ਗਈ ਹੈ। ਸੀਬੀਆਈ ਦੀ ਜਾਂਚ ਅਨੁਸਾਰ ਇਹ ਗੈਰ-ਕਾਨੂੰਨੀ ਆਨਲਾਈਨ ਸੱਟੇਬਾਜ਼ੀ ਨੈੱਟਵਰਕ ਭਾਰਤ ਤੋਂ ਬਾਹਰੋਂ ਚਲਾਇਆ ਜਾ ਰਿਹਾ ਸੀ, ਜੋ ਕ੍ਰਿਕਟ, ਫੁੱਟਬਾਲ ਅਤੇ ਤਾਸ਼ ਵਰਗੀਆਂ ਖੇਡਾਂ ‘ਤੇ ਸੱਟਾ ਲਗਵਾਉਂਦਾ ਸੀ। ਇਸ ਤੋਂ ਪ੍ਰਾਪਤ ਹੋਏ ਪੈਸੇ ਨੂੰ ਮਿਊਲ ਬੈਂਕ ਖਾਤਿਆਂ ਅਤੇ ਹਵਾਲਾ ਨੈੱਟਵਰਕ ਰਾਹੀਂ ਵਿਦੇਸ਼ ਭੇਜਿਆ ਜਾਂਦਾ ਸੀ।ਨੈੱਟਵਰਕ ਨੂੰ ਬਿਨਾਂ ਕਿਸੇ ਰੁਕਾਵਟ ਦੇ ਚਲਾਉਣ ਲਈ ਕਮਾਈ ਦਾ ਇੱਕ ਹਿੱਸਾ ਸਰਕਾਰੀ ਅਧਿਕਾਰੀਆਂ ਨੂੰ ਸੁਰੱਖਿਆ ਰਾਸ਼ੀ (ਰਿਸ਼ਵਤ) ਵਜੋਂ ਦਿੱਤਾ ਜਾਂਦਾ ਸੀ। ਸੀਬੀਆਈ ਨੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ, ਭਾਰਤੀ ਦੰਡ ਸੰਹਿਤਾ ਤੇ ਛੱਤੀਸਗੜ੍ਹ ਜੂਆ (ਪ੍ਰਤੀਸ਼ੇਧ) ਐਕਟ ਦੀਆਂ ਧਾਰਾਵਾਂ ਤਹਿਤ ਚਾਰਜਸ਼ੀਟਾਂ ਦਾਇਰ ਕੀਤੀਆਂ ਹਨ।

