Gang manufacturing counterfeit 20-rupee coins busted in Delhi; 4 suspects arrested
ਦਿੱਲੀ ’ਚ 20 ਰੁਪਏ ਦੇ ਨਕਲੀ ਸਿੱਕੇ ਬਣਾਉਣ ਵਾਲਾ ਗਿਰੋਹ ਬੇਨਕਾਬ, 4 ਮੁਲਜ਼ਮ ਗ੍ਰਿਫ਼ਤਾਰ
ਨਵੀਂ ਦਿੱਲੀ, (ਆਵਾਜ਼ਿ ਕੌਮ ਬਿਊਰੋ)-ਦਿੱਲੀ ਪੁਲਸ ਨੇ 20 ਰੁਪਏ ਦੇ ਨਕਲੀ ਸਿੱਕੇ ਬਣਾਉਣ ਅਤੇ ਸਪਲਾਈ ਕਰਨ ਵਾਲੇ ਇਕ ਗਿਰੋਹ ਨੂੰ ਬੇਨਕਾਬ ਕੀਤਾ ਹੈ। ਇਸ ਦੇ ਕਥਿਤ ਸਰਗਨਾ ਸਮੇਤ 4 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਕ ਅਧਿਕਾਰੀ ਨੇ ਐਤਵਾਰ ਦੱਸਿਆ ਕਿ ਪੁਲਸ ਨੇ ਮੁਲਜ਼ਮਾਂ ਤੋਂ ਲੱਗਭਗ 1 ਲੱਖ ਰੁਪਏ ਦੇ ਨਕਲੀ 20 ਰੁਪਏ ਦੇ ਸਿੱਕੇ ਬਰਾਮਦ ਕੀਤੇ। ਕ੍ਰਾਈਮ ਬ੍ਰਾਂਚ ਨੂੰ 8 ਸਤੰਬਰ ਨੂੰ ਇਹ ਸੂਚਨਾ ਮਿਲੀ ਸੀ ਕਿ ਮੁੰਡਕਾ ਇੰਡਸਟਰੀਅਲ ਏਰੀਆ ਮੈਟਰੋ ਸਟੇਸ਼ਨ ਨੇੜੇ ਇਕ ਵਿਅਕਤੀ ਨਕਲੀ ਸਿੱਕੇ ਪਹੁੰਚਾਉਣ ਜਾ ਰਿਹਾ ਹੈ। ਇਸ ਸੂਚਨਾ ਤੋਂ ਬਾਅਦ ਕਾਰਵਾਈ ਸ਼ੁਰੂ ਕੀਤੀ ਗਈ। ਪੁਲਸ ਦੀ ਟੀਮ ਨੇ ਪਾਰਸ ਜੈਨ (45) ਦੀ ਕਾਰ ਨੂੰ ਰੋਕਿਆ ਤੇ ਪਿਛਲੀ ਸੀਟ ’ਤੇ ਇਕ ਬੈਗ ’ਚੋਂ ਪਾਾਲੀਥੀਨ ਦੇ 50 ਪਾਊਚਾਂ ’ਚ ਪੈਕ ਕੀਤੇ 20-20 ਰੁਪਏ ਦੇ 5000 ਨਕਲੀ ਸਿੱਕੇ ਬਰਾਮਦ ਕੀਤੇ। ਪੁੱਛਗਿੱਛ ਦੌਰਾਨ ਜੈਨ ਨੇ ਖੁਲਾਸਾ ਕੀਤਾ ਕਿ ਉਸ ਨੇ ਨਕਲੀ ਸਿੱਕੇ ਉਪਕਾਰ ਲੂਥਰਾ ਉਰਫ਼ ਅਭੈ ਪ੍ਰਤਾਪ ਸਿੰਘ (58) ਤੋਂ ਲਏ ਸਨ। ਦੋਸ਼ ਹੈ ਕਿ ਉਪਕਾਰ ਲੂਥਰਾ ਨੇ ਇਕ ਲੱਖ ਰੁਪਏ ਦੇ ਮੁੱਲ ਵਾਲੇ ਇਹ ਸਿੱਕੇ ਬਾਜ਼ਾਰ ’ਚ ਲੱਗਭਗ 70,000 ਰੁਪਏ ’ਚ ਚਲਾਉਣ ਲਈ ਉਪਲਬਧ ਕਰਵਾਏ ਸਨ। ਪੁਲਸ ਅਨੁਸਾਰ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਜੈਨ ਦੀ ਗ੍ਰਿਫਤਾਰੀ ਤੋਂ ਬਾਅਦ ਲੂਥਰਾ ਆਪਣੀ ਨਕਲੀ ਸਿੱਕਾ ਨਿਰਮਾਣ ਇਕਾਈ ਨੂੰ ਸੋਨੀਪਤ ਤੋਂ ਸਹਾਰਨਪੁਰ ’ਚ ਤਬਦੀਲ ਕਰਨ ਵਾਲਾ ਸੀ।

