Major action in the case of the assault on a KG girl in Panchkula; following the JBT teachers, the principal has now also been suspended
ਪੰਚਕੂਲਾ ‘ਚ ਕੇ.ਜੀ. ਦੀ ਕੁੜੀ ਨਾਲ ਕੁੱਟਮਾਰ ਮਾਮਲੇ ‘ਚ ਵੱਡਾ ਐਕਸ਼ਨ, JBT ਟੀਚਰਜ਼ ਮਗਰੋਂ ਹੁਣ ਪ੍ਰਿੰਸੀਪਲ ਵੀ ਸਸਪੈਂਡ
Panchkula, (ਆਵਾਜ਼ਿ ਕੌਮ ਬਿਊਰੋ)-ਸਿੱਖਿਆ ਵਿਭਾਗ ਨੇ ਹਰਿਆਣਾ ਦੇ ਪੰਚਕੂਲਾ ਸਥਿਤ ਇੱਕ ਸਰਕਾਰੀ ਸਕੂਲ ਵਿੱਚ 6 ਸਾਲਾ ਕੇ.ਜੀ. (KG) ਦੀ ਵਿਦਿਆਰਥਣ ਨਾਲ ਕੁੱਟਮਾਰ ਦੇ ਮਾਮਲੇ ਵਿੱਚ ਅਹਿਮ ਕਾਰਵਾਈ ਕੀਤੀ ਹੈ। ਐਤਵਾਰ ਸ਼ਾਮ ਨੂੰ ਸਕੂਲ ਦੀ ਪ੍ਰਿੰਸੀਪਲ ਨੀਲੂ ਨੂੰ ਸਸਪੈਂਡ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਸ਼ਨੀਵਾਰ ਦੇਰ ਰਾਤ ਜੇ.ਬੀ.ਟੀ. (JBT – ਜੂਨੀਅਰ ਬੇਸਿਕ ਟ੍ਰੇਨਿੰਗ) ਅਧਿਆਪਕਾਵਾਂ ਪੂਜਾ ਰਾਣੀ ਅਤੇ ਸਿਮਰਨਜੀਤ ਕੌਰ ਨੂੰ ਵੀ ਮੁਅੱਤਲ ਕਰ ਦਿੱਤਾ ਗਿਆ ਸੀ। ਹਰਿਆਣਾ ਪੁਲਸ ਨੇ ਇਸ ਘਟਨਾ ਦੇ ਸਬੰਧ ਵਿੱਚ ਪ੍ਰਿੰਸੀਪਲ ਅਤੇ ਕਲਾਸ ਅਧਿਆਪਕਾ ਦੋਵਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਰਿਪੋਰਟਾਂ ਅਨੁਸਾਰ, ਸਕੂਲ ਦੇ ਸੀ.ਸੀ.ਟੀ.ਵੀ. (CCTV) ਕੈਮਰਿਆਂ ਦੀ ਫੁਟੇਜ ਸਿੱਧੇ ਪ੍ਰਿੰਸੀਪਲ ਦੇ ਦਫ਼ਤਰ ਵਿੱਚ ਦਿਖਾਈ ਦੇ ਰਹੀ ਸੀ, ਜੋ ਉਨ੍ਹਾਂ ਦੀ ਮੇਜ਼ ਦੇ ਬਿਲਕੁਲ ਸਾਹਮਣੇ ਲੱਗੀ ਹੋਈ ਸੀ। ਇਸ ਦੇ ਬਾਵਜੂਦ ਫੁਟੇਜ ਦੀ ਨਿਯਮਤ ਤੌਰ ‘ਤੇ ਨਿਗਰਾਨੀ ਨਹੀਂ ਕੀਤੀ ਗਈ। ਦੋਸ਼ ਹੈ ਕਿ ਬੱਚੇ ਨਾਲ ਕੁੱਟਮਾਰ ਸਕੂਲ ਦੇ ਅੰਦਰ ਹੀ ਹੋਈ, ਪਰ ਕਿਸੇ ਵੀ ਜ਼ਿੰਮੇਵਾਰ ਅਧਿਕਾਰੀ ਨੂੰ ਇਸ ਦਾ ਪਤਾ ਨਹੀਂ ਲੱਗਾ। ਜੇਕਰ ਸੀ.ਸੀ.ਟੀ.ਵੀ. ਫੁਟੇਜ ਦੀ ਸਮੇਂ ਸਿਰ ਨਿਗਰਾਨੀ ਕੀਤੀ ਜਾਂਦੀ, ਤਾਂ ਇਸ ਘਟਨਾ ਨੂੰ ਰੋਕਿਆ ਜਾ ਸਕਦਾ ਸੀ। ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਵਿਭਾਗ ਨੇ ਸਭ ਤੋਂ ਪਹਿਲਾਂ ਦੋ ਜੇ.ਬੀ.ਟੀ. ਅਧਿਆਪਕਾਵਾਂ, ਪੂਜਾ ਰਾਣੀ ਅਤੇ ਸਿਮਰਨਜੀਤ ਕੌਰ ਨੂੰ ਮੁਅੱਤਲ ਕੀਤਾ। ਇਸ ਤੋਂ ਬਾਅਦ ਐਤਵਾਰ ਸ਼ਾਮ ਨੂੰ ਪ੍ਰਿੰਸੀਪਲ ਨੀਲੂ ਨੂੰ ਵੀ ਮੁਅੱਤਲ ਕਰ ਦਿੱਤਾ ਗਿਆ। ਇਸ ਦੌਰਾਨ ਪੁਲਸ ਨੇ ਪ੍ਰਿੰਸੀਪਲ ਅਤੇ ਕਲਾਸ ਅਧਿਆਪਕਾ ਵਿਰੁੱਧ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਘਟਨਾ ਨੇ ਸਕੂਲ ਪ੍ਰਬੰਧਨ ਦੀ ਗੰਭੀਰ ਲਾਪਰਵਾਹੀ ਨੂੰ ਵੀ ਸਾਹਮਣੇ ਲਿਆਂਦਾ ਹੈ। ਇਸ ਘਟਨਾ ਨੇ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦੀ ਸੁਰੱਖਿਆ ਅਤੇ ਅਧਿਆਪਕਾਂ ਦੀ ਜਵਾਬਦੇਹੀ ਬਾਰੇ ਗੰਭੀਰ ਚਿੰਤਾਵਾਂ ਪੈਦਾ ਕਰ ਦਿੱਤੀਆਂ ਹਨ। ਮਾਪਿਆਂ ਵਿੱਚ ਕਾਫ਼ੀ ਚਿੰਤਾ ਪਾਈ ਜਾ ਰਹੀ ਹੈ। ਫਿਲਹਾਲ, ਪੁਲਸ ਜਾਂਚ ਅਤੇ ਵਿਭਾਗੀ ਕਾਰਵਾਈ ਦੋਵੇਂ ਚੱਲ ਰਹੀਆਂ ਹਨ। ਮਾਪਿਆਂ ਨੇ ਛੋਟੇ ਵਿਦਿਆਰਥੀ ਨਾਲ ਵਾਪਰੀ ਇਸ ਘਟਨਾ ‘ਤੇ ਭਾਰੀ ਰੋਹ ਪ੍ਰਗਟਾਇਆ ਅਤੇ ਸਕੂਲ ਦੇ ਸੀ.ਸੀ.ਟੀ.ਵੀ. ਸਿਸਟਮ ਦੀ ਜਾਂਚ ਦੀ ਮੰਗ ਕੀਤੀ। ਸੀ.ਸੀ.ਟੀ.ਵੀ. ਫੁਟੇਜ ਦੀ ਜਾਂਚ ਤੋਂ ਬਾਅਦ ਦੋਵਾਂ ਅਧਿਆਪਕਾਵਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ।

